ਸੜਕ ਹਾਦਸਾ, ਜਣੇਪੇ ਲਈ ਮੋਟਰਸਾਇਕਲ ‘ਤੇ ਜਾ ਰਹੀ ਗਰਭਵਤੀ ਦੀ ਮੌਤ

Last Updated: Feb 13 2018 21:22

ਅੱਜ ਇੱਕ ਸੜਕ ਹਾਦਸੇ ਦੌਰਾਨ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਅੱਖ ਝਪਕਦੇ ਹੀ ਮਾਤਮ ਵਿੱਚ ਬਦਲ ਗਈਆਂ। ਸੜਕ ‘ਤੇ ਡਿੱਗੇ ਪਏ ਇੱਕ ਦਰੱਖਤ ਤੋਂ ਟਰੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਟਰੱਕ ਅਤੇ ਸਾਹਮਣੇ ਆ ਰਹੇ ਮੋਟਰ ਸਾਇਕਲ ਦੀ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਇਕਲ ‘ਤੇ ਸਵਾਰ ਇੱਕ ਗਰਭਵਤੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਮੋਟਰਸਾਇਕਲ ਸਵਾਰ ਮ੍ਰਿਤਕ ਦੀ ਸੱਸ ਫੱਟੜ ਹੋ ਗਈ ਹੈ ਜਦਕਿ ਮ੍ਰਿਤਕ ਔਰਤ ਦਾ ਪਤੀ ਬੱਚ ਗਿਆ। ਮੋਟਰਸਾਇਕਲ ਚਾਲਕ ਆਪਣੀ ਗਰਭਵਤੀ ਪਤਨੀ ਨੂੰ ਜਣੇਪੇ ਲਈ ਹਸਪਤਾਲ ਲੈਕੇ ਜਾ ਰਿਹਾ ਸੀ।

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਅਰਨੀਵਾਲਾ ਥਾਣਾ ਅਧੀਨ ਆਉਂਦੇ ਬਸਤੀ ਚੰਡੀਗੜ੍ਹ ਵਾਸੀ ਗੁਰਦੇਵ ਸਿੰਘ ਆਪਣੀ ਗਰਭਵਤੀ ਪਤਨੀ ਸ਼ਿਮਲਾ ਰਾਣੀ ਉਮਰ ਕਰੀਬ 21 ਸਾਲ ਨੂੰ ਜਣੇਪੇ ਲਈ ਆਪਣੀ ਮਾਂ ਬੰਸੋ ਬਾਈ ਸਮੇਤ ਮੋਟਰਸਾਈਕਲ ‘ਤੇ ਇਲਾਜ ਲਈ ਹਸਪਤਾਲ ਲਿਜਾ ਰਿਹਾ ਸੀ। ਜਦੋਂ ਉਹ ਡੱਬਵਾਲਾ ਕਲਾ ਰੋਡ 'ਤੇ ਪੁੱਜਾ ਤਾਂ ਸਾਹਮਣੇ ਤੋਂ ਆਉਂਦੇ ਇੱਕ ਟਰੱਕ ਚਾਲਕ ਨੇ ਸੜਕ ਵਿੱਚ ਪਏ ਦਰੱਤ ਤੋਂ ਟਰੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਦੂਸਰੇ ਪਾਸੇ ਵੱਟਿਆ ਤਾਂ ਟਰੱਕ ਦੀ ਮੋਟਰਸਾਇਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰ ਸਾਇਕਲ ਸਵਾਰ ਤਿੰਨੇ ਹੀ ਡਿੱਗ ਗਏ ‘ਤੇ ਗਰਭਵਤੀ ਸ਼ਿਮਲਾ ਰਾਣੀ ਟਰੱਕ ਦੇ ਟਾਇਰਾਂ ਹੇਠ ਆ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਵਾਪਰਦੇ ਹੀ ਟਰੱਕ ਚਾਲਕ ਟਰੱਕ ਸਮੇਤ ਉੱਥੋਂ ਫਰਾਰ ਹੋ ਗਿਆ। ਰਾਹ ਜਾਂਦੇ ਲੋਕਾਂ ਨੇ ਫੱਟੜ ਮੋਟਰਸਾਇਕਲ ਚਾਲਕ ਨੂੰ ਸੰਭਾਲਿਆ ਅਤੇ ਉਸਦੀ ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਪਿੰਡ ਵਾਸੀਆਂ ਨੇ ਦੱਸੀਆਂ ਕਿ ਮ੍ਰਿਤਕਾ ਦੇ ਦੇਵਰ ਦਾ ਵਿਆਹ ਕੁੱਝ ਦਿਨਾਂ ਬਾਅਦ ਹੋਣਾ ਹੈ। ਪੁਲਿਸ ਥਾਣਾ ਅਰਨੀਵਾਲਾ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਤੋਂ ਬਾਅਦ ਲਾਸ਼ ਵਾਰਿਸਾਨ ਹਵਾਲੇ ਕਰ ਦਿੱਤੀ ਹੈ।