ਡੈਂਟਲ ਸਿਹਤ ਪੰਦਰਵਾੜੇ ਤਹਿਤ ਸਿਵਲ ਹਸਪਤਾਲ 'ਚ ਲੋਕਾਂ ਨੂੰ ਦਿੱਤੀ ਦੰਦਾਂ ਦੀ ਬਿਮਾਰੀ ਸਬੰਧੀ ਜਾਣਕਾਰੀ

Last Updated: Feb 13 2018 21:15

ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸਬੰਧੀ ਆਮ ਲੋਕਾਂ ਨੂੰ ਜਾਗਰੁਕ ਕਰਨ ਬਾਰੇ 12 ਤੋਂ 26 ਫਰਵਰੀ ਤੱਕ ਮਨਾਏ ਜਾ ਰਹੇ ਡੈਂਟਲ ਸਿਹਤ ਪੰਦਰਵਾੜੇ ਤਹਿਤ ਸਿਵਲ ਹਸਪਤਾਲ 'ਚ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਜਾਗਰੁਕਤਾ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਪ੍ਰੋਗਰਾਮ ਦਾ ਉਗਘਾਟਨ ਕੀਤਾ। ਇਸ ਪੰਦਰਵਾੜੇ ਦੌਰਾਨ ਜਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ 'ਤੇ ਦੰਦਾਂ ਬੀਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਜਰੂਰਤਮੰਦ ਵਿਅਕਤੀਆਂ ਦੇ ਡੈਂਚਰ ਲਗਾਏ ਜਾਣਗੇ।

ਸਮਾਰੋਹ ਦੌਰਾਨ ਜਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਦਰਸ਼ਨ ਕੌਰ ਨੇ ਦੱਸਿਆ ਕਿ ਜਿਆਦਾ ਮਿੱਠੀਆਂ ਚੀਜਾਂ ਖਾਣ ਨਾਲ, ਚਾਹ ਅਤੇ ਕਾਫੀ ਜਿਆਦਾ ਪੀਣ ਨਾਲ ਜਾਂ ਤੰਬਾਕੂ ਦਾ ਇਸਤੇਮਾਲ ਕਰਨ ਨਾਲ ਦੰਦਾਂ ਵਿੱਚ ਪੀਲਾਪਨ ਆ ਜਾਂਦਾ ਹੈ ਅਤੇ ਕਰੇੜਾ ਲੱਗਣ 'ਤੇ ਖੋੜਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਦੰਦਾ ਦੀਆਂ ਬਿਮਾਰੀਆਂ ਤੋਂ ਬਚਣ ਲਈ ਦਿਨ ਵਿੱਚ ਦੋ ਵਾਰੀ ਬਰੱਸ਼ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਤਾਜੇ ਫਲ ਅਤੇ ਕੱਚੀਆਂ ਸਬਜੀਆਂ ਜਿਵੇਂ ਕਿ ਸਲਾਦ ਅਤੇ ਸਾਬਤ ਅਨਾਜ ਖਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਦੰਦਾਂ ਦਾ ਚੈਕਅਪ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ।