ਪ੍ਰਾਇਮਰੀ ਹੈਲਥ ਸੈਂਟਰ 'ਚ ਲੋਕਾਂ ਨੂੰ ਕੀਤਾ ਗਿਆ ਕੁਸ਼ਟ ਰੋਗ ਪ੍ਰਤੀ ਜਾਗਰੁਕ

Last Updated: Feb 13 2018 20:47

ਸਪਰਸ਼ ਕੁਸ਼ਟ ਜਾਗਰੁਕਤਾ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਅਧਿਕਾਰੀਆਂ ਵੱਲੋਂ ਕੁਸ਼ਟ ਰੋਗ ਸਬੰਧੀ ਆਮ ਲੋਕਾਂ ਨੂੰ ਜਾਗਰੁਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੇ ਸਮਰਾਲਾ ਰੋਡ ਸਥਿਤ ਮਾਡਲ ਟਾਊਨ ਦੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਜਾਗਰੁਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੇ ਮੈਡਕੀਲ ਅਫਸਰ ਡਾ. ਮਨਰੀਤ ਸਿੰਘ ਬੈਨੀਪਾਲ ਨੇ ਸ਼ਾਮਲ ਹੋਕੇ ਆਮ ਲੋਕਾਂ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ, ਬਚਾਅ ਅਤੇ ਇਸਦੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਮਾਰੋਹ ਦੌਰਾਨ ਡਾ. ਮਨਰੀਤ ਬੈਨੀਪਾਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਸ਼ਟ ਰੋਗ ਪ੍ਰਤੀ ਜਾਣਕਾਰੀ ਦੇਣ ਲਈ ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਣੂ ਕਰਵਾਕੇ ਇਸ ਰੋਗ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਬਿਮਾਰੀ ਦੇ ਲੱਛਣਾਂ ਤੋਂ ਇਲਾਵਾ ਇਸਤੋਂ ਬਚਾਅ ਰੱਖਣ ਦੇ ਨਾਲ-ਨਾਲ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਬਿਮਾਰੀ ਸਬੰਧੀ ਪਤਾ ਲੱਗਣ 'ਤੇ ਸਮਾਂ ਰਹਿੰਦਾ ਇਲਾਜ ਸ਼ੁਰੂ ਕਰਵਾਇਆ ਜਾ ਸਕੇ।

ਡਾ. ਬੈਨੀਪਾਲ ਨੇ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਚਮੜੀ 'ਤੇ ਹਲਕੇ ਪੀਲੇ ਰੰਗ ਦੇ ਚਟਾਕ ਪੈਣਾ, ਉਸ ਭਾਗ ਦਾ ਸੁੰਨ ਹੋਣਾ ਅਤੇ ਵਾਲਾਂ ਦਾ ਝੜ ਜਾਣਾ, ਗਰਮ ਜਾਂ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਚਿਹਰਾ ਚਮਕਦਾਰ ਹੋ ਜਾਣਾ, ਹੱਥਾਂ ਦੀਆਂ ਉਂਗਲਾਂ ਦਾ ਝੜ ਜਾਣਾ ਅਤੇ ਪੈਰਾਂ 'ਚ ਜਖਮ ਹੋ ਜਾਣਾ ਇਸ ਬੀਮਾਰੀ ਦੇ ਪ੍ਰਮੁੱਖ ਚਿੰਨ੍ਹ ਹਨ। ਜੇਕਰ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਸਬੰਧਿਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਲਿਜਾਕੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਕੁਸ਼ਟ ਰੋਗ ਪੂਰਨ ਤੌਰ 'ਤੇ ਇਲਾਜਯੋਗ ਹੈ ਅਤੇ ਬਿਮਾਰੀ ਦੇ ਰੋਗੀਆਂ ਦਾ ਪਤਾ ਲੱਗਣ ਤੋਂ ਬਾਅਦ ਸਮੇਂ ਸਿਰ ਇਲਾਜ ਕਰਵਾਕੇ ਸਰੀਰਕ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁਸ਼ਟ ਰੋਗੀਆਂ ਦੀ ਪਹਿਚਾਣ ਕਰਨ ਲਈ ਆਸ਼ਾ ਵਰਕਰਾਂ ਵੱਲੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਅਤੇ ਬਿਮਾਰੀ ਸਬੰਧੀ ਲੱਛਣ ਪਾਏ ਜਾਣ ਮਰੀਜਾਂ ਨੂੰ ਜਾਂਚ ਲਈ ਹੈਲਥ ਸੈਂਟਰਾਂ 'ਚ ਭੇਜਿਆ ਜਾਵੇਗਾ। ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਕੁਸ਼ਟ ਰੋਗ ਦੀ ਦਵਾਈ ਮੁਫਤ ਮਿਲਦੀ ਹੈ।