ਪੁਲਿਸ ਦਾ ਦਾਅਵਾ, ਕੁੜੀ ਨੂੰ ਅਗਵਾ ਕਰ ਉਸਦੇ ਨਾਲ ਜਬਰਦਸਤੀ ਕਰਨ ਵਾਲੇ ਕੀਤੇ ਦੋ ਗ੍ਰਿਫਤਾਰ

Avtar Gill
Last Updated: Feb 13 2018 19:36

ਜ਼ਿਲ੍ਹਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਨਬਾਲਿਗ ਕੁੜੀ ਦੀ ਮਾਂ ਵੱਲੋਂ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਕੁੜੀ ਨੂੰ ਅਗਵਾ ਕਰਨ ਅਤੇ ਉਸਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬਾਕੀ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਬਹਾਵਵਾਲਾ ਪੁਲਿਸ ਨੇ ਕੁੜੀ ਦੀ ਮਾਤਾ ਕਮਲੇਸ਼ ਰਾਣੀ (ਬਦਲਿਆ ਨਾਂ) ਵਾਸੀ ਪਿੰਡ ਸ਼ੇਰਗੜ ਦੇ ਬਿਆਨ 'ਤੇ 18 ਦਸੰਬਰ 2017 ਧਾਰਾ 364 ਅਤੇ 120-ਬੀ ਅਤੇ 3 (4) ਪ੍ਰੋਡਕਸ਼ਨ ਐਕਟ 2012 ਦੇ ਤਹਿਤ ਮੋਨੂ, ਮੁਕੇਸ਼ ਕੁਮਾਰ, ਜੈ ਸਿੰਘ, ਕਲਾਵੰਤੀ ਅਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ। ਪੁਲਿਸ ਅਨੁਸਾਰ ਕੁੜੀ ਦੀ ਮਾਂ ਨੇ ਦੋਸ਼ ਲਾਇਆ ਕਿ ਉਸਦੀ ਕੁੜੀ ਰਾਣੀ (ਬਦਲਿਆ ਹੋਇਆ ਨਾਂ) ਨੂੰ ਪਿੰਡ ਢੀਂਗਾਵਾਲੀ ਦੇ ਰਸਤੇ ਵਿੱਚ ਉਕਤ ਲੋਕਾਂ ਨੇ ਜਬਰਦਸਤੀ ਜੀਪ 'ਚ ਪਾ ਕੇ ਉਸਨੂੰ ਅਗਵਾ ਕਰ ਲਿਆ। ਥਾਣਾ ਬਹਾਵਵਾਲਾ ਪੁਲਿਸ ਦੇ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਨਬਾਲਿਗ ਕੁੜੀ ਰਾਣੀ ਨੂੰ ਕਥਿਤ ਅਗਵਾ ਕਰਨ ਦੇ ਇਲਜ਼ਾਮ ਦੇ ਤਹਿਤ ਆਰੋਪੀ ਮੁਕੇਸ਼ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਚੱਕ ਥਾਣਾ ਰਾਣੀਵਾਲਾ ਜ਼ਿਲ੍ਹਾ ਸਿਰਸਾ (ਹਰਿਆਣਾ) ਅਤੇ ਉਸਦੇ ਚਾਚਾ ਬਲਵੰਤ ਰਾਏ ਪੁੱਤਰ ਮਨਫੂਲ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੁੜੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਅੱਜ ਕੁੜੀ ਨੂੰ ਮਾਨਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿੱਚ ਪੇਸ਼ ਕਰ ਉਸਦੇ ਬਿਆਨ ਲਏ ਗਏ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੁਣ ਮੁਕੇਸ਼ ਕੁਮਾਰ ਦੀ ਮਾਂ ਅਤੇ ਦੂਜੇ ਆਰੋਪੀ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਦੋ ਨਾਮਜੱਦ ਆਰੋਪੀਆਂ ਸੋਨੂ ਪੁੱਤਰ ਚਾਨਣ ਰਾਮ ਵਾਸੀ ਲਾਡਨੀ ਥਾਣਾ ਰਾਣੀਆਂ ਜ਼ਿਲ੍ਹਾ ਸਿਰਸਾ ਅਤੇ ਜੈ ਸਿੰਘ ਪੁੱਤਰ ਕਾਨਹਾ ਰਾਮ ਵਾਸੀ ਚੱਕ ਥਾਣਾ ਰਾਣੀਵਾਲਾ ਜ਼ਿਲ੍ਹਾ ਸਿਰਸਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ।