ਸਾਬਕਾ ਫ਼ੌਜੀ ਪਿੰਡਾਂ 'ਚ 'ਖ਼ੁਸ਼ਹਾਲੀ ਦੇ ਰਾਖੇ' ਦੇ ਤੌਰ 'ਤੇ ਕਰਨਗੇ ਕੰਮ

Last Updated: Feb 13 2018 18:23

ਪੰਜਾਬ ਸਰਕਾਰ ਵੱਲੋਂ ਗਾਰਡੀਅਨਸ ਆਫ਼ ਗਵਰਨੈਂਸ ਸਕੀਮ ਅਧੀਨ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ, ਯੋਗ ਲੋਕਾਂ ਤੱਕ ਪਹੁੰਚਾਉਣ ਅਤੇ ਸਕੀਮਾਂ ਦੀ ਦੁਰਵਰਤੋ ਨੂੰ ਰੋਕਣ ਲਈ ਸਾਬਕਾ ਫ਼ੌਜੀਆਂ ਨੂੰ ਪਿੰਡ/ਪੰਚਾਇਤ ਲੈਵਲ 'ਤੇ ਖ਼ੁਸ਼ਹਾਲੀ ਦੇ ਰਾਖੇ ਹਿੱਤ 'ਚ ਰੱਖਿਆ ਗਿਆ ਹੈ। ਸਾਬਕਾ ਸੈਨਿਕਾਂ ਦੀ ਇਮਾਨਦਾਰੀ ਅਤੇ ਦੇਸ਼ ਪ੍ਰਤੀ ਨਿਭਾਏ ਫ਼ਰਜ਼ਾਂ ਦੀ ਤਨਦੇਹੀ ਨਾਲ ਪਾਲਣ ਦੀ ਭਾਵਨਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਇਸਦੇ ਸਟੇਟ ਲੈਵਲ 'ਤੇ ਚੇਅਰਮੈਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਸਟੇਟ ਲੈਵਲ 'ਤੇ ਅਗਵਾਈ ਲੈਫ਼ਟੀਨੈਂਟ ਜਨਰਲ (ਰਿਟਾ.) ਟੀ.ਐਸ ਸ਼ੇਰਗਿੱਲ ਕਰ ਰਹੇ ਹਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਅਗਵਾਈ ਮੇਜਰ ਜਨਰਲ (ਰਿਟਾ.) ਐਸ.ਐਸ ਚੌਹਾਨ ਅਤੇ ਕਰਨਲ (ਰਿਟਾ.) ਕਸ਼ਮੀਰ ਸਿੰਘ ਕਰ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਜਰ ਜਨਰਲ (ਰਿਟਾ.) ਐਸ.ਐਸ. ਚੌਹਾਨ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮਕੱਸਦ ਸਾਬਕਾ ਫ਼ੌਜੀਆਂ ਰਾਹੀਂ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ਮਨਰੇਗਾ, ਆਟਾ-ਦਾਲ, ਸ਼ਗਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਵ ਸਿੱਖਿਆ ਅਭਿਆਨ ਆਦਿ 'ਤੇ ਨਿਗ੍ਹਾ ਰੱਖਣ ਦੇ ਨਾਲ-ਨਾਲ, ਇਹ ਵੀ ਯਕੀਨੀ ਬਣਾਉਣਾ ਹੈ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀਆਂ ਸਕੀਮਾਂ ਦਾ ਸਹੀ ਲਾਭ ਸਹੀ ਤਬਕੇ ਤੱਕ ਪਹੁੰਚ ਸਕੇ ਅਤੇ ਇਸ ਦੀ ਕਿਤੇ ਵੀ ਦੁਰਵਰਤੋ ਨਾ ਹੋਵੇ।

ਉਨ੍ਹਾਂ ਨੇ ਦੱਸਿਆ ਕਿ 'ਖ਼ੁਸ਼ਹਾਲੀ ਦੇ ਰਾਖੇ' ਨੂੰ ਇਨ-ਬਿਨ ਲਾਗੂ ਕਰਨ ਅਤੇ ਇਸ 'ਤੇ ਨਜ਼ਰਸਾਨੀ ਲਈ ਇੱਕ ਮੋਬਾਈਲ ਐਪ 'ਜੀ.ਓ.ਜੀ' ਵੀ ਸ਼ੁਰੂ ਕੀਤੀ ਗਈ ਹੈ, ਜਿਸ 'ਤੇ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਫੀਡਬੈਕ/ਜਾਣਕਾਰੀ ਅੱਪਲੋਡ ਕੀਤੀ ਜਾਵੇਗੀ ਅਤੇ ਇਹ ਜਾਣਕਾਰੀ ਤਿੰਨ ਪੜਾਵੀ ਹੋਵੇਗੀ, ਜੋ ਕਿ ਪਹਿਲੇ ਪੜਾਅ 'ਤੇ ਐਸ.ਡੀ.ਐਮ., ਦੂਜੇ ਪੜਾਅ 'ਤੇ ਡੀ.ਸੀ. ਅਤੇ ਤੀਜੇ ਪੜਾਅ 'ਤੇ ਸਬੰਧਤ ਵਿਭਾਗ ਦੇ ਸਕੱਤਰ ਕੋਲ ਜਾਵੇਗੀ। ਇਸ ਤੋਂ ਇਲਾਵਾ ਸੂਬਾਈ ਪੱਧਰ 'ਤੇ ਬਣਾਏ ਗਏ ਕੰਟ੍ਰੋਲ ਰੂਮ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇਗੀ। ਇਸ ਸਕੀਮ ਦੇ ਤਹਿਤ ਪਹਿਲੇ ਚਰਨ ਵਿੱਚ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ 'ਤੇ 57 ਸਾਬਕਾ ਸੈਨਿਕ ਲਾਏ ਜਾ ਰਹੇ ਹਨ ਅਤੇ ਅਗਲੇ ਚਰਨ ਵਿੱਚ ਇਹ ਸਕੀਮ ਹਰ ਪਿੰਡ ਤੱਕ ਲਾਗੂ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਸਮਾਜ ਦੇ ਗਰੀਬ ਤਬਕੇ ਨੂੰ ਉੱਤੇ ਚੁੱਕਣਾ ਅਤੇ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਦਿਵਾਉਣ ਲਈ ਇਹ ਸਰਕਾਰ ਦਾ ਇੱਕ ਅਹਿੰਮ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਖ਼ੁਸ਼ਹਾਲੀ ਦੇ ਰਾਖਿਆਂ ਦੇ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਲਾਈ ਸਕੀਮਾਂ ਦੀ ਪੜਤਾਲ ਕਰਨ ਵਿੱਚ ਵੀ ਅਸਾਨੀ ਹੋਵੇਗੀ ਅਤੇ ਇਨ੍ਹਾਂ ਦਾ ਲਾਭ ਯੋਗ ਲੋਕਾਂ ਤੱਕ ਪੁੱਜੇਗਾ।