ਪੀਣ ਵਾਲੇ ਸਾਫ ਪਾਣੀ ਅਤੇ ਓ.ਟੀ.ਐਸ. ਸਕੀਮ ਬਾਰੇ ਜਾਗਰੁਕ ਕਰਨ ਲਈ ਸਰਕਾਰੀ ਵੈਨ ਰਵਾਨਾ

Last Updated: Feb 13 2018 18:19

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਟਿਆਲਾ ਅਧੀਨ ਪੈਂਦੇ ਖੇਤਰਾਂ ਨੂੰ ਸਾਫ਼ ਪਾਣੀ ਸਬੰਧੀ ਜਾਗਰੁਕ ਕਰਨ ਲਈ ਜਾਗਰੁਕਤਾ ਵੈਨ ਰਵਾਨਾ ਕੀਤੀ ਗਈ ਹੈ। ਵੈਨ ਰਵਾਨਾ ਕਰਨ ਸਮੇਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਜਨਤਕ ਵੈਨ ਸਾਫ਼ ਪੀਣ ਵਾਲੇ ਪਾਣੀ ਬਾਰੇ ਲੋਕਾਂ ਨੂੰ ਜਾਗਰੁਕ ਕਰੇਗੀ। ਉਨ੍ਹਾਂ ਕਿਹਾ ਕਿ ਇਹ ਵੈਨ ਇਸ ਮੰਡਲ ਦੇ ਚਾਰ ਬਲਾਕਾਂ, ਪਟਿਆਲਾ, ਸਨੌਰ, ਸਮਾਣਾ ਅਤੇ ਪਾਤੜਾਂ ਦੇ ਲੱਗਭਗ 125 ਪਿੰਡਾਂ ਵਿੱਚ ਜਾਵੇਗੀ।

ਮੀਡਿਆ ਨਾਲ ਰੂਬਰੂ ਹੁੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵੈਨ ਰਾਹੀ ਸਾਰੇ ਖਪਤਕਾਰਾਂ ਨੂੰ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਇਸ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਵੈਨ ਰਾਹੀਂ ਸੁੱਧ ਪੀਣ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਬਾਰੇ ਵੀ ਦੱਸਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਦਿਹਾਤੀ ਪੱਧਰ 'ਤੇ ਰਹਿੰਦੇ ਬਕਾਇਆ ਪਾਣੀ ਦੇ ਬਿੱਲਾਂ ਸਬੰਧੀ ਸਰਕਾਰ ਵੱਲੋਂ ਮੁਆਫੀ ਯੋਜਨਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਵੰਨ ਟਾਈਮ ਸੈਟਲਮੈਂਟ (ਓ.ਟੀ.ਐਸ.) ਦਾ ਨਾਂ ਦਿੱਤਾ ਗਿਆ ਹੈ। ਜਿਸਦੇ ਤਹਿਤ ਉਪਭੋਗਤਾ ਦੋ ਹਜ਼ਾਰ ਭਰਵਾਕੇ ਆਪਣੇ ਬਿੱਲ ਦਾ ਇੱਕ ਵਾਰੀ ਹੀ ਨਿਪਟਾਰਾ ਕਰਵਾ ਸਕਦੇ ਹਨ ਅਤੇ ਗੈਰ ਕਾਨੂੰਨੀ ਕੁਨੈਕਸ਼ਨ ਇੱਕ ਹਜ਼ਾਰ ਰੁਪਏ ਦੀ ਫ਼ੀਸ ਨਾਲ ਰੈਗੂਲਰ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਇਹ ਸਕੀਮ ਆਮ ਲੋਕ ਨੂੰ ਸਰਕਾਰ ਵੱਲੋਂ ਰਾਹਤ ਦੇਣ ਲਈ ਜਾਰੀ ਕੀਤੀ ਗਈ ਹੈ ਅਤੇ ਇਹ ਸਕੀਮ 28 ਫਰਵਰੀ, 2018 ਤੱਕ ਲਾਗੂ ਰਹੇਗੀ। ਜੇਕਰ ਇਸ ਤੋਂ ਬਾਅਦ ਵੀ ਕੋਈ ਵਿਅਕਤੀ ਭੁਗਤਾਨ ਨਹੀਂ ਕਰਦਾ ਤਾਂ ਉਸਦਾ ਕੁਨੈਕਸ਼ਨ ਕੱਟ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।