ਭਾਗਵਤ ਦੇ ਬਿਆਨ 'ਤੇ ਭੜਕੀ ਯੂਥ ਕਾਂਗਰਸ, ਕੇਂਦਰ ਸਰਕਾਰ ਤੇ ਆਰਐਸਐਸ ਵਿਰੁੱਧ ਕੀਤੀ ਨਾਅਰੇਬਾਜੀ

Last Updated: Feb 13 2018 18:08

ਪਿਛਲੇ ਦਿਨੀਂ ਆਰਐਸਐਸ ਦੇ ਮੁਖੀ ਮੋਹਣ ਭਾਗਵਤ ਵੱਲੋਂ ਸੈਨਿਕਾਂ ਪ੍ਰਤੀ ਦਿੱਤੇ ਬਿਆਨ ਤੋਂ ਭੜਕੀ ਯੂਥ ਕਾਂਗਰਸੀ ਮਹਿਲਾਵਾਂ ਵੱਲੋਂ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਪੂਨਮ ਕਾਂਗੜਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੋਹਣ ਭਾਗਵਤ ਵਿਰੁੱਧ ਨਾਅਰੇਬਾਜੀ ਕਰਦਿਆਂ ਮੋਹਣ ਭਾਗਵਤ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਾਂਗੜਾ ਨੇ ਕਿਹਾ ਕਿ ਦੇਸ਼ ਦੀ ਲੜਾਈ ਵਿੱਚ ਜਦੋਂ ਕਾਂਗਰਸ ਦੇ ਆਗੂ ਅੰਗਰੇਜਾਂ ਨਾਲ ਅਜ਼ਾਦੀ ਦੀ ਲੜਾਈ ਲੜ ਰਹੇ ਸਨ, ਉਸ ਸਮੇਂ ਭਾਜਪਾ ਦੀ ਇਹ ਸੰਸਥਾ ਪਤਾ ਨਹੀਂ ਕਿਹੜੀ ਖੁੱਡ ਵਿੱਚ ਲੁੱਕ ਕੇ ਬੈਠੀ ਸੀ। ਉਨ੍ਹਾਂ ਨੇ ਕਿਹਾ ਕਿ ਜਿਸਨੇ ਦੇਸ਼ ਸੇਵਾ ਵਿੱਚ ਆਪਣਾ ਕੋਈ ਯੋਗਦਾਨ ਨਹੀਂ ਪਾਇਆ, ਉਸ ਨੂੰ ਸੈਨਿਕਾਂ ਦੇ ਰੁਤਬੇ ਦਾ ਅੰਦਾਜਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਹਣ ਭਗਵਤ ਨੇ ਅਜਿਹਾ ਬਿਆਨ ਦੇ ਕੇ ਜਿੱਥੇ ਦੇਸ਼ ਲਈ ਸ਼ਹੀਦ ਹੋਏ ਪਰਿਵਾਰਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਉੱਥੇ ਹੀ ਉਨ੍ਹਾਂ ਨੇ ਹਰ ਦੇਸ਼ ਵਾਸੀ ਦਾ ਅਪਮਾਨ ਵੀ ਕੀਤਾ ਹੈ, ਜਿਸ ਵਿਰੁੱਧ ਤੁਰੰਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਇਸ ਸੰਸਥਾ ਦੀ ਮਾਨਤਾ ਰੱਦ ਕੀਤੀ ਜਾਵੇ।