ਗੁਰੂ ਘਰ ਵਿੱਚ ਮੱਥਾ ਟੇਕਣ ਆਏ ਨਵ-ਵਿਆਹੁਤਾ ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਪਮਾਨ ਕਰਨ ਦਾ ਦੋਸ਼

Last Updated: Feb 13 2018 18:07

ਸ਼ਹਿਰ ਦੇ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਮੱਥਾ ਟੇਕਣ ਆਏ ਲਾੜਾ-ਲਾੜੀ ਦੇ ਪਰਿਵਾਰ ਨੂੰ ਉਸ ਸਮੇਂ ਅਪਮਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਗੁਰੂਘਰ ਦੇ ਮੈਨੇਜਰ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਇਹ ਕਹਿ ਕੇ ਅੰਦਰ ਬੰਦੀ ਬਣਾਉਂਦੇ ਗੁਰੂ ਘਰ ਦੇ ਮੁੱਖ ਦਰਵਾਜੇ ਨੂੰ ਜਿੰਦਰਾ ਲਾ ਦਿੱਤਾ ਕਿ ਇਹ ਇੱਥੇ ਮਾਪਿਆਂ ਦੀ ਮਰਜੀ ਤੋਂ ਬਿਨਾਂ ਵਿਆਹ ਕਰਵਾਉਣ ਆਏ ਹਨ ਤੇ ਉਹ ਇਹ ਨਹੀਂ ਹੋਣ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਗਤਾਰ ਸਿੰਘ ਅਤੇ ਉਸ ਦੀ ਨਵ-ਵਿਆਹਤਾ ਜਸਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋ ਕੱਲ ਵਿਆਹ ਦੀ ਖੁਸ਼ੀ ਵਿੱਚ ਸ਼ਹਿਰ ਦੇ ਹੀ ਇੱਕ ਰਿਸੋਰਟਸ ਵਿੱਚ ਪਾਰਟੀ ਦਾ ਆਯੋਜਨ ਕੀਤਾ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂਘਰ ਨਾਨਕਿਆਣਾ ਸਾਹਿਬ ਵਿਖੇ ਨਤਮਸਤਕ ਹੋਣ ਗਏ ਸਨ। ਜਿੱਥੇ ਉਨ੍ਹਾਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਅੱਗੇ ਰਮਾਲਾ ਧਰ ਕੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਫੋਟੋਗ੍ਰਾਫੀ ਵੀ ਕੀਤੀ ਗਈ। 

ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਗੁਰੂ ਘਰ ਚੋਂ ਬਹਾਰ ਨਿਕਲ ਰਹੇ ਸਨ ਤਾਂ ਗੁਰੂ ਘਰ ਦੇ ਮੇਨੈਜਰ ਨੇ ਉਨ੍ਹਾਂ ਦੀ ਲਾਹ-ਪਾ ਕੀਤੀ ਅਤੇ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਹੁਕਮ ਸੁਣਾਉਂਦਿਆਂ ਗੁਰੂ ਘਰ ਦਾ ਮੁੱਖ ਦਰਵਾਜਾ ਬੰਦ ਕਰ ਦਿੱਤਾ ਗਿਆ। ਦੋਸ਼ ਹੈ ਕਿ ਪਰਵਾਰਕ ਮੈਂਬਰਾਂ ਦੇ ਵਾਰ-ਵਾਰ ਕਹਿਣ 'ਤੇ ਵੀ ਉਨ੍ਹਾਂ ਨੂੰ ਗੁਰੂ ਘਰ ਚੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਇਸ ਸਬੰਧੀ ਲਾੜੀ ਦੀ ਮਾਤਾ ਸੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਛੋਟੀ ਧੀ ਜਸਮੀਤ ਕੌਰ ਦੇ ਵਿਆਹ ਵਿੱਚ ਖਲਲ ਪੈਣ ਨਾਲ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਇਸ ਸੰਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਨਿਰਪੱਖ ਪੜਤਾਲ ਕਰਵਾਕੇ ਅਸਲ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੌਕੇ 'ਤੇ ਮੌਜੂਦ ਗੁਰੂ ਘਰ ਦੇ ਮੈਨੇਜਰ ਰਣਜੀਤ ਸਿੰਘ ਨੇ ਪੱਲਾ ਛੁਡਾਉਂਦਿਆ ਕਿਹਾ ਕਿ ਉਨਾਂ ਨੂੰ ਸ਼ੱਕ ਸੀ ਕਿ ਇਹ ਜੋੜੀ ਆਪਣੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਗੁਰੂ ਘਰ 'ਚ ਲਾਵਾਂ ਲੈਣ ਪਹੁੰਚੀ ਸੀ, ਜਿਸ ਕਾਰਨ ਇਨ੍ਹਾਂ ਦੇ ਪਹਿਚਾਣਕਾਰਾਂ ਨੂੰ ਗੁਰੂ ਘਰ ਸੱਦਿਆ ਗਿਆ ਸੀ।