ਸੀਨੀਅਰ ਡਿਪਟੀ ਮੇਅਰ 'ਯੋਗੀ' ਜਾਂ 'ਕਰਮ ਯੋਗੀ'?

Last Updated: Feb 13 2018 17:40

ਮੀਡੀਆ ਵਿੱਚ ਪਟਿਆਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯਾਦਵਿੰਦਰ ਸਿੰਘ ਯੋਗੀ ਦੀ ਆਪਣੀ ਬਾਈਕ ਪਿੱਛੇ ਬਿਨਾਂ ਹੈਲਮਟ ਬੰਦਾ ਬਿਠਾਕੇ ਬਰਸਾਤ 'ਚ ਸ਼ਹਿਰ ਦਾ ਦੌਰਾ ਕਰਨ ਨੂੰ ਸਿਆਸੀ ਸਟੰਟ ਦੱਸਦੀਆਂ ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਯੋਗੀ ਖੁੱਲ ਕੇ ਮੀਡੀਆ ਸਾਹਮਣੇ ਆ ਗਏ ਹਨ। ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪਾਈ ਇੱਕ ਪੋਸਟ ਅਤੇ ਤਸਵੀਰਾਂ ਰਾਹੀਂ ਸ਼ਹਿਰ ਵਸੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਪਟਿਆਲਾ ਉਨ੍ਹਾਂ ਦਾ ਆਪਣਾ ਘਰ ਹੈ। ਆਪਣਾ ਸ਼ਹਿਰ ਹੈ ਤੇ ਆਪਣੇ ਘਰ ਆਪਣੇ ਸ਼ਹਿਰ ਦੀ ਸਫ਼ਾਈ ਕਰਨ ਵਿੱਚ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਰਾਂ ਅਤੇ ਪਰਨੀਤ ਕੌਰ ਵੱਲੋਂ ਉਨ੍ਹਾਂ ਨੂੰ ਪਟਿਆਲਾ ਨਗਰ ਨਿਗਮ ਦਾ ਸੀਨੀਅਰ ਡਿਪਟੀ ਮੇਅਰ ਥਾਪਣ ਤੋਂ ਬਾਅਦ ਹੁਣ ਇਹ ਉਨ੍ਹਾਂ ਦੀ ਜਿ਼ੰਮੇਵਾਰੀ ਹੈ ਕਿ ਉਹ ਆਪਣੇ ਸ਼ਹਿਰ ਪਟਿਆਲਾ ਨੂੰ ਖੁਦ ਸਾਫ-ਸੁਥਰਾ ਰੱਖ ਸਕਣ। ਇਸ ਲਈ ਜਦੋਂ ਬਰਸਾਤ ਕਾਰਨ ਸ਼ਹਿਰ ਵਿੱਚ ਕਈ ਥਾਂ ਸੀਵਰੇਜ ਬਲੋਕੇਜ ਦੀਆਂ ਖਬਰਾਂ ਮਿਲੀਆਂ ਤਾਂ ਉਹ ਖੁਦ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਨਗਰ ਨਿਗਮ ਦੀ ਟੀਮ ਤੋਂ ਉਚੇਚੇ ਤੌਰ 'ਤੇ ਨਾਲੇ ਦੀ ਸਫਾਈ ਦਾ ਕੰਮ ਕਰਵਾਇਆ ਤਾਂ ਜੋ ਪਟਿਆਲਾ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਦੀ ਸਫਾਈ ਕਰਨ ਵਿੱਚ ਉਨ੍ਹਾਂ ਨੂੰ ਕੋਈ ਝਿਝਕ ਮਹਿਸੂਸ ਨਹੀਂ ਹੋਈ ਬਲਕਿ ਇੰਝ ਹੀ ਲੱਗਿਆ ਜਿਵੇਂ ਕਿ ਉਹ ਆਪਣੇ ਆਪ ਦੇ ਘਰ ਦੀ ਸਫਾਈ ਕਰ ਰਹੇ ਹੋਣ। ਉਨ੍ਹਾਂ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਬਾਕੀ ਸ਼ਹਿਰ ਵਾਸੀ ਵੀ ਆਪਣੇ ਸ਼ਹਿਰ ਦੀ ਸਫਾਈ ਪ੍ਰਤੀ ਸੁਚੇਤ ਹੋਣ ਅਤੇ ਆਪ ਆਪਣੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਵਚਨਬੱਧ ਹੋਕੇ ਸਾਫ ਸੁਥਰੇ ਪਟਿਆਲਾ ਦੀ ਇੱਕ ਮਿਸਾਲ ਪੇਸ਼ ਕਰਨ।