ਬਾਰਸ਼ ਨਾਲ ਹੋ ਸਕਦੀ ਹੈ ਮਟਰ ਦੀ ਖੇਤੀ ਬਰਬਾਦ

Last Updated: Feb 13 2018 17:40

ਜ਼ਿਲ੍ਹੇ 'ਚ ਪਿਛਲੇ 2 ਦਿਨਾਂ ਤੋਂ ਰਾਤ ਨੂੰ ਲਗਾਤਾਰ ਬਾਰਸ਼ ਹੋ ਰਹੀ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਲਗਾਤਾਰ ਹੋ ਰਹੀ ਬਾਰਸ਼ ਨਾਲ ਮਟਰ ਦੇ ਖੇਤਾਂ ਵਿੱਚ ਪਾਣੀ ਭਰਨ ਦੇ ਆਸਾਰ ਹਨ, ਜਿਸ ਕਾਰਣ ਮਟਰ ਦੇ ਦਾਣੇ ਗੱਲਣ ਦਾ ਖਤਰਾ ਸਾਰੇ ਖੇਤਾਂ ਅਤੇ ਕਿਸਾਨਾਂ ਉੱਪਰ ਮੰਡਰਾ ਰਿਹਾ ਹੈ। ਜੇਕਰ ਬਾਰਸ਼ ਅੱਜ ਵੀ ਹੁੰਦੀ ਹੈ ਤਾਂ ਖੇਤਾਂ 'ਚ ਪਾਣੀ ਕਾਫੀ ਜਮਾਂ ਹੋ ਜਾਵੇਗਾ ਅਤੇ ਮਟਰ ਦੀ ਖੇਤੀ ਬਰਬਾਦ ਹੋ ਸਕਦੀ ਹੈ। ਸਬ ਡਿਵੀਜ਼ਨ ਸਮਾਣਾ 'ਚ ਕੁੱਲ 35 ਹਜ਼ਾਰ ਹੈਕਟੇਅਰ ਵਿੱਚ ਤਾਂ ਸਿਰਫ ਮਟਰ ਦੀ ਖੇਤੀ ਹੀ ਕੀਤੀ ਗਈ ਹੈ, ਜੇਕਰ ਇਹ ਖਰਾਬ ਹੁੰਦੀ ਹੈ ਤਾਂ ਮਟਰਾਂ ਦੀ ਮਹਿੰਗਾਈ 'ਚ ਤਾਂ ਵਾਧਾ ਹੋਵੇਗਾ ਹੀ ਨਾਲ ਹੀ ਕਿਸਾਨਾਂ ਦੀ ਮਿਹਨਤ ਅਤੇ ਮਾਲੀਏ ਦਾ ਵੀ ਬਹੁਤ ਨੁਕਸਾਨ ਹੋ ਜਾਵੇਗਾ।

ਇੱਥੇ ਦੱਸਣਯੋਗ ਹੈ ਕਿ ਹਾਲੇ ਤੱਕ ਇਹ ਬਾਰਸ਼ ਕਣਕ ਦੀ ਫਸਲ ਲਈ ਲਾਭਕਾਰੀ ਦੱਸੀ ਜਾ ਰਹੀ ਹੈ ਪਰ ਜੇਕਰ ਅੱਜ ਅਤੇ ਕੱਲ੍ਹ ਬਾਰਸ਼ ਪੈਣ ਤੋਂ ਬਾਅਦ ਤੂਫ਼ਾਨ ਵੀ ਆਉਂਦਾ ਹੈ ਤਾਂ ਕਣਕ ਦੀਆਂ ਫ਼ਸਲਾਂ ਦਾ ਵੀ ਵਿਛਣ ਦਾ ਡਰ ਹੈ। ਮਟਰ ਦੇ ਨਾਲ-ਨਾਲ ਸਰੋਂ ਦੀ ਕੀਤੀ ਗਈ 3 ਹਜ਼ਾਰ ਹੈਕਟੇਅਰ 'ਚ ਖੇਤੀ ਵੀ ਫਿਲਹਾਲ ਖਰਾਬ ਹੋਣ ਦੇ ਕੰਢੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਰਾਤ ਵੀ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਨੂੰ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਮੌਸਮ ਵਿਭਾਗ ਦੀ ਭਵਿਖਵਾਣੀ ਦੀ ਗੱਲ ਕਰੀਏ ਤਾਂ ਹਾਲੇ 2 ਦਿਨ ਤੱਕ ਬਾਰਸ਼ ਦੇ ਨਿਸ਼ਾਨ ਵੇਖੇ ਜਾ ਰਹੇ ਹਨ। ਵੇਖਣਾ ਇਹ ਹੈ ਕਿ ਕਿਸਾਨਾਂ ਦੀ ਅਰਦਾਸ ਕਬੂਲ ਕਰਕੇ ਕੁਦਰਤ ਉਨ੍ਹਾਂ 'ਤੇ ਮਿਹਰਬਾਨ ਹੁੰਦੀ ਹੈ ਜਾਂ ਫਿਰ ਕਹਿਰਵਾਨ ਹੈ।