ਭਾਰਤ ਨੂੰ ਬਣਾਇਆ ਜਾਵੇਗਾ 2022 ਤੱਕ 'ਸਵੱਛ': ਬੇਦੀ

Last Updated: Feb 13 2018 17:24

ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਮੁੱਖ ਦਫ਼ਤਰ ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਸ਼ਹੀਦ ਉੱਦਮ ਸਿੰਘ ਯੂਥ ਅਤੇ ਸਪੋਰਟਸ ਕਲੱਬ ਪਿੰਡ ਪੋਜੋ ਕੇ ਉਤਾੜ ਦੇ ਸਹਿਯੋਗ ਨਾਲ ਬੀ.ਡੀ.ਪੀ.ਓ ਦਫ਼ਤਰ ਮਮਦੋਟ ਵਿਖੇ ਬਲਾਕ ਪੱਧਰੀ ਸੰਕਲਪ ਤੋਂ ਸਿੱਧੀ ਨੂੰ ਸਮਰਪਿਤ ਗੁਆਂਢ ਯੁਵਾ ਸੰਸਦ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਨੇ ਕੀਤੀ। ਇਸ ਮੌਕੇ 'ਤੇ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੇ ਗੁਆਂਢ ਯੁਵਾ ਸੰਸਦ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਸੰਕਲਪ ਤੋਂ ਸਿੱਧੀ ਨੂੰ ਸਮਰਪਿਤ ਹੈ, ਜਿਸ ਵਿੱਚ 2022 ਤੱਕ ਨੌਜਵਾਨਾਂ ਵੱਲੋਂ ਭਾਰਤ ਨੂੰ ਸਵੱਛ ਬਣਾਉਣਾ, ਗ਼ਰੀਬੀ ਮੁਕਤ, ਭ੍ਰਿਸ਼ਟਾਚਾਰ ਮੁਕਤ, ਸੰਪਰਦਾਇਕ ਵਾਦ ਮੁਕਤ ਅਤੇ ਜਾਤੀਵਾਦ ਮੁਕਤ ਬਣਾਉਣ ਲਈ ਸੰਕਲਪ ਲੈਣਾ ਹੈ, ਤਾਂ ਜੋ ਇੱਕ ਚੰਗੇ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ।

ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਸਕਰਾਤਮਕ ਸੋਚ ਨੂੰ ਦ੍ਰਿੜ੍ਹ ਬਣਾਉਣ ਅਤੇ ਆਤਮ-ਵਿਸ਼ਵਾਸ ਨੂੰ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਆਪਣੀ ਸੋਚ ਬਦਲ ਕੇ ਸ਼ਹੀਦਾਂ ਵੱਲੋਂ ਅਤੇ ਦੇਸ਼ ਦੇ ਮਹਾਨ ਪੁਰਖਾਂ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਦੇਸ਼ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ ਅਤੇ 2022 ਤੱਕ ਲਏ ਸੰਕਲਪ ਨੂੰ ਪੂਰਾ ਕਰ ਸਕਦੇ ਹਨ। ਇਸ ਮੌਕੇ 'ਤੇ ਬੀਰਪ੍ਰਤਾਪ ਸਿੰਘ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸਹਾਇਕ ਕਿੱਤਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਗ਼ਰੀਬੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਅਤੇ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਨਾਲ 2022 ਤੱਕ ਭਾਰਤ ਨੂੰ ਗ਼ਰੀਬੀ ਮੁਕਤ ਕਰਨ ਦਾ ਸੰਕਲਪ ਪੂਰਾ ਕੀਤਾ ਜਾ ਸਕੇ।