ਸ਼ਰਧਾ ਦਾ ਪ੍ਰਤੀਕ ਹੈ ਦੁਆਪਰ ਯੁਗ ਦਾ ਇਤਿਹਾਸਕ ਸ਼੍ਰੀ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ

Tinku Garg
Last Updated: Feb 13 2018 15:31

ਉਂਝ ਤਾਂ ਭਗਵਾਨ ਸ਼ਿਵ ਕਣ-ਕਣ ਵਿੱਚ ਬਿਰਾਜਮਾਨ ਹਨ, ਪਰ ਸੰਗਰੂਰ ਤੋਂ 23 ਕਿੱਲੋਮੀਟਰ ਦੀ ਦੂਰੀ 'ਤੇ ਧੂਰੀ-ਬਰਨਾਲਾ ਰੋਡ 'ਤੇ ਸਥਿਤ ਇਤਿਹਾਸਕ ਸ਼੍ਰੀ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਇਸ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਮਹਾਭਾਰਤ ਦੇ ਯੁੱਧ ਤੋਂ ਪਹਿਲਾਂ ਪਾਂਡਵ ਪੁੱਤਰ ਅਰਜੁਨ ਨੇ ਇਸ ਅਸਥਾਨ 'ਤੇ ਕਠੋਰ ਤਪੱਸਿਆ ਕੀਤੀ ਸੀ, ਜਿਸਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਇੱਥੇ ਪ੍ਰਗਟ ਹੋਏ ਸਨ, ਜਿੰਨਾਂ ਨੇ ਅਰਜੁਨ ਨੂੰ ਗਾਂਡਵ ਧਨੁਸ਼ ਦਿੱਤਾ, ਜਿਸ ਨਾਲ ਅਰਜੁਨ ਨੇ ਮਹਾਭਾਰਤ ਯੁੱਧ ਵਿੱਚ ਇਸਤੇਮਾਲ ਕਰਕੇ ਕੌਰਵਾਂ ਦੇ ਛੱਕੇ ਛੁਡਾ ਦਿੱਤੇ ਸਨ।

ਦੁਆਪਰ ਯੁਗ ਦੇ ਪੰਚਾਲ ਪ੍ਰਦੇਸ਼ ਦੇ ਮਾਲਵਾ ਖੇਤਰ 'ਚ ਸਥਿਤ ਇਹ ਸ਼ੁਭ ਸਥਾਨ ਸ਼੍ਰੀ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ, ਧੂਰੀ-ਬਰਨਾਲਾ ਰੋਡ ਤੇ ਧੂਰੀ ਤੋਂ 9 ਕਿੱਲੋਮੀਟਰ ਦੀ ਦੂਰੀ 'ਤੇ ਰਣੀਕੇ ਪਿੰਡ ਵਿੱਖੇ ਸਥਿਤ ਹੈ। ਇਸ ਦਾ ਇਤਿਹਾਸ ਮਹਾਭਾਰਤ ਤੋਂ ਵੀ ਪਹਿਲਾਂ ਦੀ ਕਹਾਣੀ ਬਿਆਨ ਕਰਦਾ ਪ੍ਰਤੀਤ ਹੁੰਦਾ ਹੈ। ਇਤਹਾਸਕ ਪੱਖ ਨਾਲ ਬੇਹੱਦ ਅਹਿੰਮ ਇਸ ਸਥਾਨ ਬਾਰੇ ਵਿਦਵਾਨ ਦੱਸਦੇ ਹਨ ਕਿ ਪੰਚਾਲ ਪ੍ਰਦੇਸ਼ (ਵਰਤਮਾਨ 'ਚ ਲੇਹ, ਲਦਾਖ, ਲਾਹੌਰ, ਜੰਮੂ-ਕਸ਼ਮੀਰ ਅਤੇ ਅਫਗਾਨਿਸਤਾਨ ਦਾ ਕੁੱਝ ਹਿੱਸਾ) ਦੇ ਮਾਲਵਾ ਖੇਤਰ ਦਾ ਇਹ ਹਿੱਸਾ ਰਾਜਾ ਦਰੁੱਪਦ ਦੇ ਜੰਗਲ ਹੋਇਆ ਕਰਦੇ ਸੀ ਅਤੇ ਰਾਵੀ, ਸਤਲੁਜ, ਬਿਆਸ, ਝੇਲਮ ਤੇ ਚਿਨਾਬ ਨਦੀਆਂ ਦੇ ਇਸੇ ਖੇਤਰ 'ਚ ਹੋਣ ਦੇ ਚੱਲਦੇ ਹੀ ਇਸ ਪ੍ਰਦੇਸ਼ ਨੂੰ ਪੰਚਾਲ ਪ੍ਰਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਸ਼੍ਰੀ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ ਰਣੀਕੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਓੁਹੀ ਜਗ੍ਹਾ ਹੈ ਜਿੱਥੇ ਕੌਰਵਾਂ ਵੱਲੋਂ ਪਾਂਡਵਾਂ ਨੂੰ ਸੂਈ ਦੀ ਨੋਂਕ ਜਿਨੀ ਜਗ੍ਹਾ ਦੇਣ ਤੋਂ ਵੀ ਇਨਕਾਰ ਕਰਨ ਤੋਂ ਬਾਅਦ ਮਹਾਭਾਰਤ ਦੇ ਯੁੱਧ ਦੀ ਰਚਨਾ ਰਚੀ ਗਈ ਸੀ। ਸਮਝੌਤੇ ਦੀਆਂ ਸਾਰੀਆਂ ਸੰਭਵਾਨਾਵਾਂ ਵਿਫਲ ਹੋਣ ਤੋਂ ਬਾਅਦ ਪਾਂਡਵਾਂ ਵੱਲੋਂ ਸੱਤ ਅਕਸ਼ੋਹਣੀ ਸੈਨਾ ਵੀ ਇੱਥੇ ਹੀ ਇਕੱਤਰ ਕੀਤੀ ਦੱਸੀ ਜਾਂਦੀ ਹੈ। ਮਹਾਂਭਾਰਤ ਦੇ ਯੁੱਧ ਤੋਂ ਪਹਿਲਾਂ ਇੱਥੇ ਹੀ ਅਰਜੁਨ ਨੇ ਸ਼੍ਰੀ ਕ੍ਰਿਸ਼ਣ ਭਗਵਾਨ ਨਾਲ ਮਿੱਲਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਸ਼੍ਰੀ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਿਰ ਦੇ ਨਾਂ ਬਾਰੇ ਦੱਸਿਆ ਜਾਂਦਾ ਹੈ ਕਿ (ਰਣ ਦਾ ਅਰਥ ਯੁੱਧ ਅਤੇ ਕੇਸ਼ਵ ਦਾ ਮਤਲਬ ਸ਼੍ਰੀ ਕ੍ਰਿਸ਼ਣ ਭਗਵਾਨ) ਸ਼੍ਰੀ ਕ੍ਰਿਸ਼ਣ ਭਗਵਾਨ ਵੱਲੋਂ ਯੁੱਧ ਦੀ ਰਚਨਾ ਇੱਥੇ ਹੀ ਕੀਤੇ ਜਾਣ ਦੇ ਚੱਲਦਿਆ ਇਸਦਾ ਇਹ ਨਾਂ ਪਿਆ ਸੀ। ਇੱਥੋਂ ਹੀ ਯੁੱਧਭੂਮੀ ਕੁਰੂਖੇਤਰ (ਜੋਕਿ ਕਰਮ ਖੇਤਰ ਅਤੇ ਧਰਮ ਖੇਤਰ ਦੋਵੋਂ ਹੈ) ਵਿੱਖੇ ਜਾਕੇ ਗੌਰਵਸ਼ਾਲੀ ਜਿੱਤ ਹਾਸਿਲ ਕਰਨ ਦੇ ਕਾਰਨ ਇਸ ਮੰਦਰ ਦੇ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਹੈ।

ਇੱਥੇ ਪਾਂਡੂ ਪੁੱਤਰ ਅਰਜੁਨ ਨੇ ਭਗਵਾਨ ਸ਼ਿਵ ਨੂੰ ਪਾਓੁਣ ਦੇ ਲਈ ਕਠੋਰ ਤੱਪਸਿਆ ਕੀਤੀ ਸੀ। ਭਗਵਾਨ ਸ਼ਿਵ ਬਾਰੇ ਇਹ ਗੱਲ ਸੱਭ ਜਾਣਦੇ ਹਨ ਕਿ ਜਿਸਨੇ ਵੀ ਉਨ੍ਹਾਂ ਨੂੰ ਧਿਆਆ ਹੈ ਓੁਸਨੇ ਹੀ ਉਨ੍ਹਾਂ ਨੂੰ ਪਾਇਆ ਹੈ, ਫੇਰ ਚਾਹੇ ਓੁਹ ਦੇਵ, ਦੈਤ, ਗੰਧਰਵ, ਯਕਸ਼, ਕਿੰਨਰ ਜਾ ਫੇਰ ਮਨੁੱਖ ਹੀ ਕਿਓਂ ਨਾ ਹੋਵੇ। ਸਾਡੇ ਧਾਰਮਿਕ ਗ੍ਰੰਥ ਵੀ ਭਗਵਾਨ ਸ਼ਿਵ ਦੇ ਭੋਲੇ ਸੁਭਾਅ ਦੀ ਪੁਸ਼ਟੀ ਕਰਦੇ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਭੋਲੇਨਾਥ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਅਰਜੁਨ ਵੱਲੋਂ ਕੀਤੀ ਗਈ ਕਠੋਰ ਤੱਪਸਿਆ ਤੋਂ ਖੁਸ਼ ਹੋਕੇ ਭਗਵਾਨ ਸ਼ਿਵ ਨੇ ਓੁਸ ਨੂੰ ਪ੍ਰਗਟ ਹੋਕੇ ਦਰਸ਼ਨ ਦਿੱਤੇ ਅਤੇ ਕੋਈ ਵਰਦਾਨ ਮੰਗਣ ਲਈ ਕਿਹਾ ਸੀ। ਇਸਤੇ ਅਰਜੁਨ ਨੇ ਭਗਵਾਨ ਸ਼ਿਵ ਨੂੰ ਪ੍ਰਣਾਮ ਕਰਕੇ ਕਿਹਾ ਕਿ ਹੇ ਭਗਵਨ! ਮੈਂ ਕਸ਼ਤਰੀ ਪੁੱਤਰ ਹਾਂ, ਇਸਦੇ ਲਈ ਮੈਨੂੰ ਕੋਈ ਅਜਿਹਾ ਸ਼ਸਤੱਰ (ਹਥਿਆਰ) ਪ੍ਰਦਾਨ ਕਰੋ ਜਿਸਦਾ ਵਿਸ਼ਵ 'ਚ ਕੋਈ ਸਾਨੀ (ਮੁਕਾਬਲਾ) ਨਾ ਹੋਵੇ। ਪਾਰੌਣਿਕ ਕਥਾਵਾਂ ਅਨੁਸਾਰ ਭਗਵਾਨ ਸ਼ਿਵ ਕੋਲ ਦੋ ਪ੍ਰਮੁੱਖ ਸ਼ਸਤਰ ਸੀ, ਇੱਕ ਸ਼ਿਵ ਧਨੁੱਸ਼ ਜੋਕਿ ਸੀਤਾ ਸਵੈਅੰਬਰ ਵਿੱਚ ਕੰਮ ਆਇਆ ਸੀ ਅਤੇ ਦੁੱਜਾ ਗਾਂਡੀਵ ਧਨੁਸ਼। ਇਸ ਲਈ ਭਗਵਾਨ ਸ਼ਿਵ ਨੇ ਅਰਜੁਨ ਨੂੰ ਇੱਥੇ ਹੀ ਗਾਂਡੀਵ ਧਨੁਸ਼ ਪ੍ਰਦਾਨ ਕੀਤਾ ਸੀ। ਭਗਵਾਨ ਸ਼ਿਵ ਦੇ ਪ੍ਰਗਟ ਹੋਣ ਦੇ ਚੱਲਦਿਆਂ ਉਨ੍ਹਾਂ ਦਾ ਸਵਰੂਪ ਸਵੈਂ ਭੂਪ੍ਰਗਟ ਸ਼ਿਵਲਿੰਗ ਜੋਕਿ ਮੰਦਰ ਵਿੱਖੇ ਹੀ ਸਥਾਪਿਤ ਹੈ ਦੇ ਕਾਰਨ ਇਹ ਜਨ-ਜਨ ਦੀ ਆਸਥਾ ਦਾ ਕਾਰਨ ਬਣਿਆ ਹੋਇਆ ਹੈ।

ਲਗਭਗ 400 ਤੋਂ ਵੀ ਵੱਧ ਸਾਲ ਪਹਿਲਾਂ ਪਟਿਆਲਾ ਦੇ ਰਾਜਾ ਨਾਣੂਮੱਲ ਜਿਨਾਂ ਦੀ ਇਸ ਸਥਲ ਪ੍ਰਤੀ ਅਥਾਹ ਸ਼ਰਧਾ ਸੀ ਨੇ ਇੱਥੇ ਪੁੱਤਰ ਪ੍ਰਾਪਤੀ ਦੇ ਲਈ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ। ਪੁੱਤਰ ਪ੍ਰਾਪਤੀ ਤੋਂ ਬਾਅਦ ਰਾਜਾ ਨਾਣੂਮੱਲ ਨੇ ਇੱਥੇ ਸ਼ਾਨਦਾਰ ਮੰਦਰ ਦਾ ਨਿਰਮਾਣ ਕਰਵਾਇਆ ਸੀ। ਸਮੇਂ-ਸਮੇਂ 'ਤੇ ਇੱਥੇ ਅਨੇਕਾਂ ਤੱਪਸਵੀਆਂ ਜਿਨ੍ਹਾਂ 'ਚ ਮਹੰਤ ਚੰਦਨਗਿਰੀ ਜੀ ਮਹਾਰਾਜ, ਮਹੰਤ ਸੋਮਗਿਰੀ ਜੀ ਮਹਾਰਾਜ ਆਦਿ ਸ਼ਾਮਿਲ ਹਨ ਨੇ ਤੱਪਸਿਆ ਕੀਤੀ ਸੀ ਅਤੇ ਇਹੀ ਨਹੀਂ ਸਗੋਂ ਤੱਪਸਵੀ ਇਲਾਇਚੀ ਗਿਰੀ ਜੀ ਮਹਾਰਾਜ ਜੋਕਿ ਦੂਧਾਹਾਰੀ ਸੀ ਨੇ ਵੀ ਪੈਦਲ ਯਾਤਰਾ ਕਰਕੇ ਇੱਥੇ ਸਥਿਤ ਖੂਹੀ ਦੇ ਵਿੱਚ 360 ਤੀਰਥਾਂ ਦਾ ਜੱਲ ਪਵਾਇਆ ਸੀ। ਵਰਤਮਾਨ 'ਚ ਇਸ ਸ਼੍ਰੀ ਰਣਕੇਸ਼ਵਰ ਮਹਾਂਦੇਵ ਸਿੱਧ ਪੀਠ ਰਣੀਕੇ ਦੀ ਦੇਖ-ਰੇਖ ਦਾ ਜਿੰਮਾ ਯੁੱਗਪੁਰਸ਼ ਬਾਲਯੋਗੀ ਮਹੰਤ ਹਰਦੇਵ ਗਿਰੀ ਜੀ ਮਹਾਰਾਜ ਵੇਖ ਰਹੇ ਹਨ ਅਤੇ ਇੱਥੇ ਸਥਾਪਿਤ ਕੀਤੀ ਗਈ ਮਹਾਂਦੇਵ ਸੰਸਕ੍ਰਿਤ ਪਾਠਸ਼ਾਲਾ 'ਚ ਮੁਫਤ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

ਹਰ ਸਾਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਇੱਥੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਪੰਜਾਬ ਭਰ ਤੋਂ ਹੀ ਨਹੀਂ ਸਗੋਂ ਦੂਜੇ ਸੂਬਿਆਂ ਚੋਂ ਵੀ ਹਜਾਰਾਂ ਦੀ ਗਿਣਤੀ 'ਚ ਸ਼ਰਧਾਲੂ ਦੂਰ-ਦੂਰ ਤੋਂ ਇੱਥੇ ਆਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਹਨ। ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦੇ ਮੌਕੇ ਇੱਥੇ 12 ਤੋਂ 14 ਫਰਵਰੀ ਤੱਕ ਵਿਸ਼ਾਲ ਓੁਤਸਵ ਮਨਾਇਆ ਜਾਵੇਗਾ। ਲੰਗਰ ਆਦਿ ਦੀ ਪੂਰਣ ਵਿਵਸਥਾ ਦੇ ਨਾਲ-ਨਾਲ ਇੱਥੇ ਭਗਤਾਂ ਦੇ ਠਹਿਰਣ ਦੇ ਲਈ 65 ਕਮਰੇ ਵੀ ਬਣੇ ਹੋਏ ਹਨ। ਭਗਵਾਨ ਸ਼ਿਵ ਦੇ ਓੁਪਾਸਕ ਇੱਥੇ ਬਿਲ-ਪੱਤਰ, ਕੱਚਾ ਦੁੱਧ, ਮਿੱਠਾ ਪਾਣੀ, ਫੱਲ, ਧੂਫ ਆਦਿ ਲਗਾਕੇ ਪੂਜਾ ਕਰਦੇ ਹਨ ਅਤੇ ਆਪਣੀ ਮਨੋਕਾਮਨਾ ਪੂਰੀ ਹੋਣ ਦੀ ਕਾਮਨਾ ਕਰਦੇ ਹਨ। ਜਿਹੜਾ ਵੀ ਭਗਤ ਇੱਥੇ ਆਓੁਂਦਾ ਹੈ, ਓੁਹ ਦੁਨੀਆ ਨੂੰ ਭੁੱਲਾਕੇ ਬਸ ਇੱਥੇ ਦਾ ਹੀ ਹੋਕੇ ਰਹਿ ਜਾਂਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।