ਵਰਦੇ ਮੀਂਹ 'ਚ ਹੀਰੋ ਬਣਨ ਨਿਕਲੇ ਡਿਪਟੀ ਮੇਅਰ ਨੇ ਤੋੜੇ ਟ੍ਰੈਫ਼ਿਕ ਨਿਯਮ, ਬਿਨਾਂ ਹੈਲਮਟ ਦੇ ਬੰਦਾ ਬਾਈਕ ਪਿੱਛੇ ਬਿਠਾਇਆ

Last Updated: Feb 13 2018 12:49

ਪਟਿਆਲਾ ਵਿਖੇ ਅੱਜ ਮੀਂਹ ਦਾ ਕਾਫੀ ਜ਼ੋਰ ਰਿਹਾ, ਸ਼ਹਿਰ ਵਿੱਚ ਥਾਂ-ਥਾਂ ਤੇ ਪਾਣੀ ਖੜਾ ਸੀ ਜਿਸ ਕਾਰਨ ਪਟਿਆਲਾ ਦੇ "ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਆਪ ਮੌਕਾ ਸੰਭਾਲ ਲਿਆ ਤੇ ਸਫਾਈ ਸੇਵਕਾਂ ਦੀ ਟੀਮ ਨਾਲ ਡਟ ਕੇ ਕਈ ਘੰਟੇ ਆਪ ਲੋਕਾਂ ਦੀ ਵਰਦੇ ਮੀਂਹ ਵਿੱਚ ਸਮੱਸਿਆ ਦਾ ਹੱਲ ਕੀਤਾ ਜਿਸ ਤੋਂ ਲੋਕ ਬੇਹੱਦ ਸੰਤੁਸ਼ਟ ਨਜ਼ਰ ਆ ਰਹੇ ਸਨ।" ਪੁੱਠੇ ਕੋਮੇਆਂ ਵਿੱਚ ਪਈ ਲਾਈਨ ਨੂੰ ਯੋਗੀ ਜੀ ਅਖਬਾਰਾਂ ਦੀਆਂ ਸੁਰਖੀਆਂ ਬਣਾਉਣਾ ਚਾਹੁੰਦੇ ਸਨ ਪਰ ਇਸ ਚੱਕਰ ਵਿੱਚ ਉਹ ਸਰਕਾਰੀ ਨਿਯਮ ਆਪ ਹੀ ਤੋੜ ਬੈਠੇ, ਅਸਲ ਵਿੱਚ ਯੋਗੀ ਨੇ ਵਰਦੇ ਮੀਂਹ ਵਿੱਚ ਮੋਟਰਸਾਈਕਲ ਤੇ ਸ਼ਹਿਰ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਆਪਣੇ ਮੋਟਰਸਾਈਕਲ ਪਿੱਛੇ ਬਿਨਾਂ ਹੈਲਮਟ ਤੋਂ ਹੀ ਬਿਠਾ ਲਿਆ। 

ਯੋਗੀ ਨੇ ਕਿਹਾ ਕਿ ਪਾਣੀ ਦੀ ਰੁਕਾਵਟ ਸਬੰਧੀ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਹਨ ਤੇ ਉਨ੍ਹਾਂ ਨੇ ਅੱਜ ਸਾਰੀ ਸਥਿਤੀ ਨੂੰ ਪ੍ਰੈਕਟੀਕਲ ਰੂਪ ਵਿੱਚ ਚੈਕ ਕੀਤਾ ਹੈ। ਇਸ ਤੋਂ ਬਾਅਦ ਉਹ ਸਾਰੀ ਰਿਪੋਰਟ ਮਹਾਰਾਣੀ ਪ੍ਰਨੀਤ ਕੌਰ ਨੂੰ ਸੌਂਪਣਗੇ ਤੇ ਇਸ ਲਈ ਨਿਗਮ ਵਿੱਚ ਵਿਸ਼ੇਸ਼ ਟੀਮਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਚਲੋ ਇੱਕ ਪੱਖ ਛੱਡ ਦਈਏ ਤਾਂ ਯੋਗੀ ਨੇ ਇੱਕ ਚੰਗੀ ਪਹਿਲ ਕਰਕੇ ਪਟਿਆਲਾ ਦੀ ਰਾਜਨੀਤੀ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕੀਤੀ ਵਰਨਾ ਲੀਡਰ ਵੋਟ ਲੈ ਕੇ ਮਹਲਾਂ ਵਿੱਚ ਵੀ ਬੈਠੇ ਹਨ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ।