ਗੈਸ ਗੀਜ਼ਰ ਨੇ ਲਈ ਅਧਿਆਪਕਾ ਦੀ ਜਾਨ

Last Updated: Feb 13 2018 10:58

ਪਟਿਆਲਾ ਵਿੱਚ ਗੈਸ ਗੀਜ਼ਰ ਨੇ ਇੱਕ ਮਹਿਲਾ ਅਧਿਆਪਕਾ ਦੀ ਜਾਨ ਲੈ ਲਈ। ਮਾਰੀ ਗਈ ਅਧਿਆਪਕਾ ਦੀ ਪਹਿਚਾਣ ਟਿੱਬੀ ਬਸਤੀ ਸਮਾਣਾ ਦੀ ਰਹਿਣ ਵਾਲੀ ਰਾਣੀਕਾ ਗਰਗ ਦੇ ਤੌਰ ਤੇ ਹੋਈ ਹੈ। ਰਾਣੀਕਾ ਦੀ ਲਾਸ਼ ਉਸਦੇ ਘਰ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ। ਰਾਣੀਕਾ ਦੀ ਮੌਤ ਦਾ ਕਾਰਨ ਗੈਸ ਗੀਜ਼ਰ ਦੀ ਗੈਸ ਦਾ ਚੜਨਾ ਦੱਸਿਆ ਜਾ ਰਿਹਾ ਹੈ।

ਇਕੱਤਰ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਟਿੱਬੀ ਸਮਾਣਾ 'ਚ ਅਧਿਆਪਕਾ ਰਾਣੀਕਾ ਗਰਗ (40) ਪਤਨੀ ਰਾਮਪਾਲ ਵਾਸੀ ਪ੍ਰਤਾਪ ਕਾਲੋਨੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਨਹਾਉਣ ਲਈ ਆਪਣੇ ਬਾਥਰੂਮ ਵਿੱਚ ਗਈ ਸੀ। ਜਦੋਂ ਲਗਭਗ ਇੱਕ ਘੰਟੇ ਦੇ ਬਾਅਦ ਤੱਕ ਵੀ ਉਹ ਵਾਪਸ ਨਾ ਆਈ ਤਾਂ ਉਸ ਦੇ ਪਤੀ ਰਾਮਪਾਲ ਨੂੰ ਥੋੜ੍ਹਾ ਸ਼ੱਕ ਹੋਇਆ, ਜਿਸਦੇ ਚੱਲਦਿਆਂ ਜਦੋਂ ਉਸਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਅਵਾਜ਼ ਨਾ ਆਈ।

ਆਵਾਜ਼ ਨਾ ਆਉਣ ਤੇ ਰਾਮਪਾਲ ਨੇ ਜਦੋਂ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਤਾਂ ਉਸਦੀ ਪਤਨੀ ਅੰਦਰ ਫ਼ਰਸ਼ ਤੇ ਡਿੱਗੀ ਪਈ ਸੀ। ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਮੌਤ ਦਾ ਕਾਰਨ ਗੀਜ਼ਰ ਦੀ ਗੈਸ ਦਾ ਚੜਨਾ ਦੱਸਿਆ ਹੈ।