ਪੁਲਿਸ ਨੇ ਦਰਜ ਕੀਤੇ ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਵੇਚਣ ਦੇ ਪਰਚੇ

Last Updated: Feb 13 2018 10:49

ਪਟਿਆਲਾ ਪੁਲਿਸ ਨੇ ਪਿਛਲੇ ਚੌਵੀ ਘੰਟਿਆਂ ਦੇ ਦੌਰਾਨ ਪਟਿਆਲਾ ਅਤੇ ਇਸਦੇ ਆਸ-ਪਾਸ ਦੇ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ 'ਚ 680 ਗੋਲੀਆਂ ਤੇ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪਹਿਲੇ ਮਾਮਲੇ ਵਿੱਚ ਥਾਣਾ ਤ੍ਰਿਪੜੀ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਅਨਾਜ ਮੰਡੀ ਪਟਿਆਲਾ ਦੇ ਨੇੜੇ ਨਾਕੇਬੰਦੀ ਦੌਰਾਨ ਮਹੇਸ਼ ਕੁਮਾਰ ਪੁੱਤਰ ਮਟਰੂ ਵਾਸੀ ਕਿਰਾਏਦਾਰ ਗੁਰੂ ਨਾਨਕ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਤਲਾਸ਼ੀ ਦੇ ਦੌਰਾਨ 680 ਨਸ਼ੀਲੀ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਇਸੇ ਤਰ੍ਹਾਂ ਹੀ ਕਾਰਵਾਈ ਕਰਨ ਦਾ ਦਾਅਵਾ ਕਰਦੇ ਹੋਏ ਥਾਣਾ ਕੋਤਵਾਲੀ ਪਟਿਆਲਾ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੁਖਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਸ਼ੇਰੇ ਪੰਜਾਬ ਮਾਰਕੀਟ ਪਟਿਆਲਾ ਦੇ ਘਰ ਛਾਪੇਮਾਰੀ ਕਰਕੇ ਉੱਥੋਂ 24 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਦੋਹਾਂ ਮਾਮਲਿਆਂ ਵਿੱਚ ਪੁਲਿਸ ਨੇ ਐੱਨ.ਡੀ.ਪੀ.ਐੱਸ. ਅਤੇ ਐਕਸਾਈਜ਼ ਐਕਟ ਦੇ ਤਹਿਤ ਪਰਚੇ ਦਰਜ ਕੀਤੇ ਹਨ।