ਪੁਲਿਸ ਨੇ ਦੋ ਗਾਂਜਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ

Last Updated: Feb 13 2018 10:36

ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਤਲਾਸ਼ੀ ਦੇ ਦੌਰਾਨ 12 ਕਿੱਲੋ ਗਾਂਜਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣੇ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਬੱਸ ਅੱਡਾ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਨਾਕਾਬੰਦੀ ਦੇ ਦੌਰਾਨ ਹੀ ਪੁਲਿਸ ਨੇ ਬੱਸ 'ਚੋਂ ਉਤਰੇ ਦੋ ਵਿਅਕਤੀਆਂ ਦੀ ਜਦੋਂ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ 'ਚੋਂ 12 ਕਿੱਲੋ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ਦੇ ਦੌਰਾਨ ਉਕਤ ਵਿਅਕਤੀਆਂ ਨੇ ਆਪਣੀ ਪਹਿਚਾਣ ਮਨੋਜ ਕੁਮਾਰ ਵਾਸੀ ਪਿੰਡ ਸੈਦਾਬਾਦ ਰਾਗੋਪੁਰ ਵੈਸ਼ਾਲੀ ਬਿਹਾਰ ਤੇ ਅੱਜੂ ਰਾਮ ਵਾਸੀ ਪੁਲਾਸਗੜ ਤਹਿਸੀਲ ਲਾਲਗੰਜ ਅਜਹਾਰਾ ਉੱਤਰ ਪ੍ਰਦੇਸ਼ ਦੇ ਤੌਰ ਤੇ ਕਰਵਾਈ। ਪੁਲਿਸ ਨੇ ਦੋਹਾਂ ਮੁਲਜ਼ਮਾਂ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਪੇਸ਼ੇਵਰ ਗਾਂਜਾ ਤਸਕਰ ਹਨ।