ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਅਧਿਕਾਰੀਆਂ ਨੇ ਕੁਸ਼ਟ ਰੋਗ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

Last Updated: Feb 12 2018 20:29

ਕੁਸ਼ਟ ਰੋਗ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਦੀ ਅਗਵਾਈ 'ਚ ਚਲਾਈ ਜਾ ਰਹੀ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਦੇ ਤਹਿਤ ਸਰਹਿੰਦ ਦੇ ਪ੍ਰਾਇਮਰੀ ਹੈਲਥ ਸੈਂਟਰ ਬਾੜਾ ਵਿਖੇ ਜਾਗਰੂਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ.ਰਿਤੂ ਬੰਗਾ ਨੇ ਆਮ ਲੋਕਾਂ ਨੂੰ ਕੁਸ਼ਟ ਰੋਗ ਦੇ ਲੱਛਣ, ਬਚਾਅ ਅਤੇ ਇਸ ਦੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਰਿਤੂ ਬੰਗਾ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਦੇ ਕੇ ਇਸ ਰੋਗ ਪ੍ਰਤੀ ਜਾਗਰੂਕ ਕਰਦੇ ਹੋਏ ਅਤੇ ਬਿਮਾਰੀ ਦੇ ਲੱਛਣਾਂ ਤੋਂ ਇਲਾਵਾ ਇਸ ਤੋਂ ਬਚਾਅ ਰੱਖਣ ਦੇ ਨਾਲ ਇਲਾਜ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ।

ਡਾ. ਰਿਤੂ ਬੰਗਾ ਨੇ ਇਸ ਬਿਮਾਰੀ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਚਟਾਕ ਪੈਣਾ, ਉਸ ਭਾਗ ਦਾ ਸੁੰਨ ਹੋਣਾ ਅਤੇ ਵਾਲਾਂ ਦਾ ਝੜ ਜਾਣਾ, ਗਰਮ ਜਾਂ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਚਿਹਰਾ ਚਮਕਦਾਰ ਹੋ ਜਾਣਾ, ਹੱਥਾਂ ਦੀਆਂ ਉਂਗਲਾਂ ਦਾ ਝੜ ਜਾਣਾ ਅਤੇ ਪੈਰਾਂ 'ਚ ਜ਼ਖਮ ਹੋ ਜਾਣਾ ਕੁਸ਼ਟ ਰੋਗ ਦੇ ਚਿੰਨ੍ਹ ਹਨ। ਕੁਸ਼ਟ ਰੋਗ ਪੂਰਨ ਤੌਰ 'ਤੇ ਇਲਾਜ ਯੋਗ ਹੈ ਅਤੇ ਕੁਸ਼ਟ ਰੋਗੀਆਂ ਦਾ ਸਮੇਂ ਸਿਰ ਇਲਾਜ ਹੋਣ ਨਾਲ ਸਰੀਰਕ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਕੁਸ਼ਟ ਰੋਗ ਦੀ ਦਵਾਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਮਿਲਦੀ ਹੈ। ਕੁਸ਼ਟ ਰੋਗੀਆਂ ਦੀ ਪਹਿਚਾਣ ਕਰਨ ਲਈ ਆਸ਼ਾ ਵਰਕਰਾਂ ਵੱਲੋਂ ਡੋਰ ਟੂ ਡੋਰ ਜਾ ਕੇ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਰੋਗ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਨੂੰ ਜਾਂਚ ਲਈ ਸਿਹਤ ਕੇਂਦਰ ਵਿਖੇ ਭੇਜਿਆ ਜਾਵੇਗਾ ਤਾਂ ਕਿ ਕੁਸ਼ਟ ਰੋਗ ਪਾਜੀਟਿਵ ਪਾਏ ਜਾਣ ਤੇ ਉਸ ਦਾ ਸਮੇਂ ਸਿਰ ਇਲਾਜ ਹੋ ਸਕੇ। ਇਸ ਮੌਕੇ 'ਤੇ ਮੈਡੀਕਲ ਅਫ਼ਸਰ ਡਾ. ਸ਼ਿਲਪੀ, ਕਾਂਤਾ ਦੇਵੀ, ਭੁਪਿੰਦਰ ਕੌਰ, ਪੈਰਾ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।