ਬਾਲ ਮਜ਼ਦੂਰੀ ਕਰਦੇ ਬੱਚਿਆਂ ਨੂੰ ਟਾਸਕ ਫੋਰਸ ਨੇ ਮਾਪਿਆਂ ਨੂੰ ਸੌਂਪਿਆ

Last Updated: Feb 12 2018 20:10

ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਰੋਕਣ ਅਤੇ ਬਾਲ ਮਜ਼ਦੂਰੀ ਕਰਵਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਵੱਲੋਂ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਅਧਿਕਾਰੀਆਂ ਵੱਲੋਂ ਸਰਹਿੰਦ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬਾਲ ਮਜ਼ਦੂਰੀ ਅਤੇ ਭੀਖ ਮੰਗਦੇ ਹੋਏ 4 ਬੱਚਿਆਂ ਨੂੰ ਟੀਮ ਵੱਲੋਂ ਆਪਣੀ ਹਿਫ਼ਾਜ਼ਤ 'ਚ ਲਿਆ ਗਿਆ। ਜ਼ਿਲ੍ਹਾ ਬਾਲ ਭਲਾਈ ਕਮੇਟੀ ਵੱਲੋਂ ਇਨ੍ਹਾਂ ਬੱਚਿਆਂ ਨੂੰ ਅਸਥਾਈ ਤੌਰ 'ਤੇ ਬਾਲ ਘਰਾਂ 'ਚ ਭੇਜ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੀਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਿਕ ਜ਼ਿਲ੍ਹੇ 'ਚ ਕਿਸੇ ਵੀ ਥਾਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਨਹੀਂ ਹੋਣ ਦਿੱਤੀ ਜਾਵੇਗੀ। ਦੁਕਾਨਾਂ, ਢਾਬਿਆਂ ਅਤੇ ਹੋਰ ਰੇਹੜੀਆਂ ਆਦਿ ਵਗੈਰਾ 'ਤੇ ਹੋਣ ਵਾਲੀ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਸਬੰਧੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਚਾਰ ਬੱਚਿਆਂ ਨੂੰ ਬਾਲ ਕਮੇਟੀ ਵੱਲੋਂ ਹਿਫ਼ਾਜ਼ਤ 'ਚ ਲਿਆ ਗਿਆ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਬਾਲ ਘਰਾਂ 'ਚ ਭੇਜੇ ਹੋਏ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਅਧਿਕਾਰਤ ਵਿਅਕਤੀਆਂ ਦੀ ਮੌਜੂਦਗੀ 'ਚ ਉਨ੍ਹਾਂ ਦੇ ਮਾਤਾ-ਪਿਤਾ ਹਵਾਲੇ ਕੀਤਾ ਗਿਆ ਹੈ ਅਤੇ ਬੱਚਿਆਂ ਦਾ ਦਾਖਲਾ ਨਜ਼ਦੀਕੀ ਸਕੂਲ 'ਚ ਕਰਵਾਉਣ ਸਬੰਧੀ ਹਦਾਇਤ ਵੀ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਉਨ੍ਹਾਂ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਅਤੇ ਜੇਕਰ ਕੋਈ ਬੱਚਾ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੌਕੇ ਵਾਰਡ ਨੰ. 21 ਦੇ ਐਮ.ਸੀ ਸੁਰਜੀਤ ਸਿੰਘ ਨੇ ਭਰੋਸਾ ਦਵਾਇਆ ਕਿ ਇਨ੍ਹਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਉਣ ਉਪਰੰਤ ਇਹ ਯਕੀਨੀ ਬਣਾਉਣਗੇ ਕਿ ਬੱਚੇ ਲਗਾਤਾਰ ਸਕੂਲ 'ਚ ਹਾਜ਼ਰ ਰਹਿ ਕੇ ਆਪਣੀ ਪੜਾਈ ਕਰ ਸਕਣ। ਇਸ ਮੌਕੇ ਕੌਂਸਲਰ ਅਨਿਲ ਕੁਮਾਰ ਵੀ ਮੌਜੂਦ ਸਨ।