ਬਿਜਲੀ ਕੱਟ, ਕੱਢਣਗੇ ਗਰਮੀ ਵਿੱਚ ਵੱਟ!!! (ਭਾਗ-ਦੂਜਾ)

Last Updated: Feb 12 2018 16:49

ਪਾਠਕੋ, ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ ਪੰਜਾਬ ਦੀ ਸੱਤਾ ਦਾ ਲਗਾਤਾਰ ਦੱਸ ਸਾਲ ਤੱਕ ਸੁੱਖ ਭੋਗ ਚੁੱਕੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸ਼ਾਸਣ ਕਾਲ ਦੇ ਦੌਰਾਨ ਇਹ ਢਿੰਡੋਰਾ ਪਿੱਟਣ ਲਈ ਇਸ਼ਤਿਹਾਰਬਾਜੀਆਂ 'ਤੇ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ ਪਰ ਹਕੀਕਤ ਵਿੱਚ ਪੰਜਾਬ ਵਿੱਚ ਬਿਜਲੀ ਕਿੰਨੀ ਕੁ ਸਰਪਲੱਸ ਰਹੀ, ਇਹ ਸਭ ਜਾਣਦੇ ਹਨ। ਰਹੀ ਗੱਲ ਮੌਜੂਦਾ ਪੰਜਾਬ ਸਰਕਾਰ ਦੀ ਤਾਂ ਇਸ ਸਰਕਾਰ ਕੋਲੋਂ ਤਾਂ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ, ਹੋਰ ਕੀ ਆਸਾਂ ਰੱਖ਼ੀਆਂ ਜਾ ਸਕਦੀਆਂ ਹਨ। ਪੂਰਾ ਮੰਤਰੀ ਮੰਡਲ ਚੀਖ-ਚੀਖ ਕੇ ਸਾਰਾ ਠੀਕਰਾ ਪਹਿਲੀ ਅਕਾਲੀ-ਭਾਜਪਾ ਸਰਕਾਰ ਦੇ ਸਿਰ 'ਤੇ ਹੀ ਭੰਨੀ ਜਾ ਰਿਹਾ ਹੈ ਕਿ ਪਿਛਲੀ ਸਰਕਾਰ ਖ਼ਜਾਨਾ ਖ਼ਾਲੀ ਕਰ ਗਈ। ਗੱਲ ਕਰੀਏ ਪੰਜਾਬ ਦੇ ਪਾਵਰਕਾਮ ਦੀ ਤਾਂ ਇਸ ਵਿਭਾਗ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਵਾਰ ਗਰਮੀਆਂ ਬੜੀਆਂ ਔਖੀਆਂ ਲੰਘਣੀਆਂ ਹਨ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਪੈਸੇ ਦਾ ਇੰਤਜ਼ਾਮ ਨਾ ਕੀਤਾ ਤਾਂ- ਹੁਣ ਪੜ੍ਹੋ ਅੱਗੇ।

ਦੋਸਤੋਂ, ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਸਰਕਾਰ ਨੇ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟਾਂ ਦੇ ਯੁਨਿਟ ਬੰਦ ਕਰ ਦਿੱਤੇ ਹਨ। ਬਿਜਲੀ ਮਾਹਰਾਂ ਅਨੁਸਾਰ ਇਨ੍ਹਾਂ ਬਿਜਲੀ ਯੁਨਿਟਾਂ ਦੇ ਬੰਦ ਹੋਣ ਤੋਂ ਬਾਅਦ ਪਾਵਰਕਾਮ ਪੂਰੀ ਤਰ੍ਹਾਂ ਨਾਲ ਨਿਜੀ ਬਿਜਲੀ ਪਲਾਂਟਾਂ ਦਾ ਮੌਥਾਜ ਹੋਕੇ ਰਹਿ ਜਾਵੇਗਾ। ਜਾਹਿਰ ਹੈ ਕਿ ਪੰਜਾਬ ਸਰਕਾਰ ਦੇ ਉਕਤ ਥਰਮਲ ਪਲਾਂਟਾਂ ਦੀ ਪ੍ਰੋਡਕਸ਼ਨ ਬੰਦ ਹੋਣ ਕਾਰਨ ਨਿਜੀ ਕੰਪਨੀਆਂ ਇਸਦਾ ਭਰਪੂਰ ਫ਼ਾਇਦਾ ਉਠਾਉਣਗੀਆਂ। ਜਿਸਦੇ ਚਲਦਿਆਂ ਉਹ ਸਰਕਾਰ ਨੂੰ ਮਹਿੰਗੇ ਭਾਅ ਬਿਜਲੀ ਵੇਚਣਗੀਆਂ ਅਤੇ ਆਪਣੀ ਵਧੀ ਹੋਈ ਡਿਮਾਂਡ ਨੂੰ ਪੂਰਾ ਕਰਨ ਲਈ ਸਰਕਾਰ ਲਈ ਮਹਿੰਗੀ ਬਿਜਲੀ ਖਰੀਦਣੀ ਇੱਕ ਮਜਬੂਰੀ ਵੀ ਬਣ ਜਾਏਗੀ। ਮਾਹਰਾਂ ਦਾ ਮੰਨਣਾ ਹੈ ਕਿ ਇੱਕ ਗੱਲ ਤਾਂ ਪੂਰੀ ਤਰ੍ਹਾਂ ਨਾਲ ਤੈਅ ਹੋ ਚੁੱਕੀ ਹੈ ਕਿ ਗਰਮੀਆਂ 'ਚ ਬਿਜਲੀ ਦੀ ਖਰੀਦ ਲਈ ਪਾਵਰਕਾਮ ਨੂੰ ਹੁਣ ਨਾਲੋ ਕਿਤੇ ਵਾਧੂ ਰਕਮ ਖ਼ਰਚ ਕਰਨੀ ਪਵੇਗੀ।

ਪਾਠਕੋ, ਪਾਵਰਕਾਮ ਦੇ ਸੂਤਰਾਂ ਅਨੁਸਾਰ, ਭਾਵੇਂ ਪਾਵਰਕਾਮ ਨੇ ਸਾਲ 2017-18 ਦੀਆਂ ਬਿਜਲੀ ਦਰਾਂ 'ਚ 9.33 ਫੀਸਦੀ ਵਾਧਾ ਕਰ ਦਿੱਤਾ ਸੀ ਪਰ ਬਾਵਜੂਦ ਇਸਦੇ ਬਿਜਲੀ ਕਰਮੀਆਂ ਦੀਆਂ ਅਦਾਇਗੀ ਦਾ ਕੰਮ ਬੰਦ ਹੋ ਗਿਆ ਸੀ। ਮਾਹਰ ਇਸਦਾ ਇੱਕੋ ਇੱਕ ਕਾਰ ਸਬਸਿਡੀ ਦੀ ਰਕਮ ਦਾ ਲੰਬੇ ਸਮੇਂ ਤੋਂ ਨਾ ਮਿਲਣਾ ਦੱਸ ਰਹੇ ਹਨ। ਸਰਕਾਰ ਦੇ ਵਾਅਦੇ ਮੁਤਾਬਿਕ ਪਾਵਰਕਾਮ ਨੂੰ ਹਰ ਮਹੀਨੇ 950 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾਣੀ ਹੈ ਪਰ ਆਪਣੀ ਆਰਥਿਤ ਹਾਲਤ ਦੀ ਦੁਹਾਈ ਪਾ-ਪਾ ਕੇ ਮੌਜੂਦਾ ਸਰਕਾਰ ਆਪਣੇ ਵਾਅਦੇ 'ਤੇ ਖਰੀ ਨਹੀਂ ਉਤਰ ਪਾ ਰਹੀ ਹੈ।  ਸੂਤਰ ਦੱਸਦੇ ਹਨ ਕਿ ਇਸ ਸਮੇ ਤੱਕ ਪਾਵਰਕਾਮ ਦੇ ਪੰਜਾਬ ਸਰਕਾਰ ਵੱਲ ਸਬਸਿਡੀ ਦੇ 11 ਹਜਾਰ 550 ਕਰੋੜ ਬਕਾਇਆ ਖ਼ੜੇ ਹਨ। ਵਾਅਦੇ ਅਨੁਸਾਰ ਸਬਸਿਡੀ ਦੀ ਇਸ ਰਕਮ 'ਚੋਂ ਪਾਵਰਕਾਮ ਨੂੰ ਸਰਕਾਰ ਨੇ ਲੱਗਭਗ 5000 ਕਰੋੜ ਦੀ ਅਦਾਇਗੀ ਕਰਨੀ ਹੈ। ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਬਕਾਏ ਦੀ ਇਸ ਰਾਸ਼ੀ 'ਚੋ 2909 ਕਰੋੜ ਦੀ ਸਬਸਿਡੀ ਪਿਛਲੀ ਅਕਾਲੀ-ਭਾਜਪਾ ਸਰਕਾਰ ਹੀ ਆਪਣੇ ਕਾਰਜਕਾਲ 'ਚ ਛੱਡ ਗਈ ਸੀ। 

ਪਾਠਕੋ, ਬਿਜਲੀ ਅਧਿਕਾਰੀ ਵੀ ਮੰਨਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਪਾਵਰਕਾਮ ਦਾ ਬਿਜਲੀ ਖਰੀਦ ਦਾ ਬਜਟ ਕਈ ਗੁਣਾ ਵੱਧ ਗਿਆ ਹੈ, ਜਿਸਦੇ ਚਲਦਿਆਂ ਪਾਵਰਕਾਮ ਨੂੰ ਸਾਲ 2017-18 ਵਿੱਚ ਉਸਨੇ 17000 ਕਰੋੜ ਦੇ ਕਰੀਬ ਬਿਜਲੀ ਦੀ ਖਰੀਦ ਕਰਨੀ ਪਈ। ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਬਸਿਡੀ ਦੀ ਰਾਸ਼ੀ ਕੁੱਝ ਅਦਾ ਕਰਕੇ ਬਕਾਇਆ ਰਕਮ ਕਾਗਜ਼ਾਂ ਵਿੱਚ ਹੀ ਪੂਰੀ ਕਰ ਦਿੱਤੀ ਜਾਂਦੀ ਹੈ। ਬਿਜਲੀ ਅਧਿਕਾਰੀਆਂ ਅਨੁਸਾਰ ਪਾਵਰਕਾਮ ਨੇ 5000 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਤਾਂ ਸਰਕਾਰ ਕੋਲੋਂ ਲੈਣੀ ਹੀ ਹੈ ਪਰ ਨਾਲ ਹੀ ਸਰਕਾਰ ਵੱਲ ਇਸ ਰਕਮ ਦਾ 18 ਪ੍ਰਤੀਸ਼ਤ ਵਿਆਜ ਵੀ ਖ਼ੜਾ ਹੋ ਗਿਆ ਹੈ ਕਿਉਂਕਿ ਲੰਘੇ ਕਈ ਮਹੀਨਿਆਂ ਤੋਂ ਸਰਕਾਰ ਨੇ ਕੋਲੇ ਦੀ ਸਪਲਾਈ ਅਤੇ ਹੋਰ ਸਮਾਨ ਦੀ ਕੋਈ ਅਦਾਇਗੀ ਨਹੀਂ ਕੀਤੀ। ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਸੰਜੀਵ ਸੂਦ ਦਾ ਵੀ ਮੰਨਣਾ ਹੈ ਕਿ ਜੇਕਰ ਮੰਗਵਾਏ ਗਏ ਕੋਲੇ ਅਤੇ ਹੋਰ ਸਾਮਾਨ ਲਈ ਦਿੱਤੀ ਜਾਣ ਵਾਲੀ ਰਾਸ਼ੀ ਦੀ ਅਦਾਇਗੀ ਸਰਕਾਰ ਅਦਾ ਨਹੀਂ ਕਰਦੀ ਤਾਂ ਇਸ ਵਿਆਜ ਦੀ ਬਣਦੀ ਵਾਧੂ ਰਕਮ ਭਰਨ ਲਈ ਸਰਕਾਰ ਹੀ ਜਿੰਮੇਵਾਰ ਹੋਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।