ਸਵਰਣਕਾਰ ਹੱਤਿਆਕਾਂਡ, ਰਾਜਸਥਾਨ ਪੁਲਿਸ ਵੱਲੋਂ ਪੰਜਾਬ ਦੇ ਪਿੰਡਾਂ 'ਚ ਛਾਪੇਮਾਰੀ

Last Updated: Feb 12 2018 16:46

ਰਾਜਸਥਾਨ ਪੁਲਿਸ ਵੱਲੋਂ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਕਈ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ ਅਤੇ ਇੱਕ ਲੋੜੀਂਦੇ ਦੀ ਭਾਲ ਕੀਤੀ ਗਈ, ਪਰ ਪੁਲਿਸ ਦੇ ਹੱਥ ਕੁੱਝ ਨਹੀਂ ਲੱਗਿਆ। ਮਾਮਲਾ ਇੱਕ ਸਵਰਣਕਾਰ ਦੀ ਹੱਤਿਆ ਦਾ ਹੈ। ਇਸ ਮਾਮਲੇ 'ਚ ਰਾਜਸਥਾਨ ਪੁਲਿਸ ਪਹਿਲਾਂ ਹੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਹ ਸਾਰੇ ਵੀ ਅਬੋਹਰ ਅਤੇ ਫਾਜ਼ਿਲਕਾ ਨਾਲ ਸਬੰਧਤ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਮਹੀਨੇ ਪਹਿਲਾਂ ਰਾਜਸਥਾਨ ਦੇ ਸਾਦੁਲਸ਼ਹਿਰ ਦੇ ਨੇੜੇ ਸ਼੍ਰੀ ਗੰਗਾਨਗਰ ਵਾਸੀ ਸਵਰਣਕਾਰ ਪੰਕਜ ਸੋਨੀ ਦੀ ਹੱਤਿਆ ਦੇ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਅਬੋਹਰ ਸ਼ਹਿਰ ਦੇ ਪਿੰਡ ਸ਼ੇਰੇਵਾਲਾ ਅਤੇ ਵਰਿਆਮਖੇੜਾ 'ਚ ਛਾਪਾਮਾਰੀ ਕਰਕੇ ਮਾਮਲੇ 'ਚ ਨਾਮਜੱਦ ਆਰੋਪੀ ਅੰਕਿਤ ਭਾਦੂ ਦੀ ਭਾਲ ਕੀਤੀ। ਹਾਲਾਂਕਿ ਪੁਲਿਸ ਨੂੰ ਛਾਪੇਮਾਰੀ ਦੌਰਾਨ ਕੁੱਝ ਵੀ ਹੱਥ ਨਹੀਂ ਲੱਗਿਆ, ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਵਾਰ-ਵਾਰ ਨਜਾਇਜ਼ ਪਰੇਸ਼ਾਨ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਾਦੁਲਸ਼ਹਿਰ ਦੇ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. (ਦੇਹਾਤੀ) ਦਿਨੇਸ਼ ਮੀਣਾ ਦੀ ਅਗਵਾਈ ਹੇਠ ਥਾਣਾ ਲਾਲਗੜ ਅਤੇ ਚੁਨਾਵੜ ਦੀ ਪੁਲਿਸ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਫਰਾਰ ਆਰੋਪੀ ਅੰਕਿਤ ਭਾਦੂ ਦੀ ਗ੍ਰਿਫਤਾਰੀ ਲਈ ਉਸਦੇ ਪਿੰਡ ਸ਼ੇਰੇਵਾਲਾ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਪਿੰਡ ਦੇ ਹੋਰ ਘਰਾਂ ਵਿੱਚ ਵੀ ਅੰਕਿਤ ਦੇ ਛੁਪੇ ਹੋਣ ਦਾ ਸ਼ਕ  ਜਤਾਇਆ ਅਤੇ ਤਲਾਸ਼ੀ ਲਈ। ਪਰ ਪੁਲਿਸ ਦੇ ਹੱਥ ਕੁੱਝ ਨਹੀਂ ਲੱਗਿਆ। ਇਸ ਤੋਂ ਬਾਅਦ ਇਸ ਹੱਤਿਆਕਾਂਡ ਅਤੇ ਹੋਰਨਾਂ ਮਾਮਲਿਆਂ 'ਚ ਸ਼ਾਮਲ ਵਰਿਆਮਖੇੜਾ ਵਾਸੀ ਕੁੱਝ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੰਕਿਤ ਸਮੇਤ ਇਸ ਪਿੰਡ ਦੇ ਤਿੰਨ ਨੌਜਵਾਨ ਉਨ੍ਹਾਂ ਨੂੰ ਲੋੜੀਂਦੇ ਹਨ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਜਾ ਚੁੱਕਿਆ ਹੈ, ਪਰ ਨੌਜਵਾਨਾਂ ਦੇ ਪੁਲਿਸ ਸਾਹਮਣੇ ਪੇਸ਼ ਨਹੀਂ ਹੋਣੇ ਕਰਕੇ ਉਨ੍ਹਾਂ ਨੂੰ ਅਜਿਹੀ ਕਾਰਵਾਈ ਕਰਨੀ ਪੈ ਰਹੀ ਹੈ। ਜਿਕਰਯੋਗ ਹੈ ਕਿ ਪੰਕਜ ਸੋਨੀ ਦੀ ਹੱਤਿਆ ਪਿੰਡ ਬੁਧਰਾਂਵਾਲੀ ਦੇ ਕੋਲ ਇਨ੍ਹਾਂ ਨੌਜਵਾਨਾਂ ਨੇ ਘੇਰ ਕੇ ਕਰ ਦਿੱਤੀ ਸੀ ਅਤੇ ਉਸਦੇ ਕੋਲ ਮੌਜੂਦ ਸੋਣੇ ਅਤੇ ਚਾਂਦੀ ਦੇ ਗਹਿਣੇ ਲੁੱਟ ਲਏ ਗਏ ਸੀ। ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਵੱਲੋਂ ਪੁੱਛਗਿਛ ਦੌਰਾਨ ਦਿੱਤੀ ਗਈ ਜਾਣਕਾਰੀ ਅਨੁਸਾਰ ਹੀ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਅੰਕਿਤ ਸਮੇਤ ਹੋਰ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।