ਲੁੱਟ-ਖੋਹ ਕਰਨ ਦੀ ਫ਼ਿਰਾਕ ਵਿੱਚ ਬੈਠੇ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਹਥਿਆਰਾਂ ਸਮੇਤ ਕਾਬੂ

Last Updated: Feb 12 2018 15:08

ਲੁੱਟ ਖੋਹ ਦੀ ਯੋਜਨਾ ਬਣਾ ਰਹੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਦਕਿ ਇਨ੍ਹਾਂ ਦਾ ਇੱਕ ਸਾਥੀ ਭੱਜਣ 'ਚ ਕਾਮਯਾਬ ਰਿਹਾ। ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਨਿਗਰਾਨੀ ਹੇਂਠ ਏ.ਐਸ.ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਟੀ. ਪੁਆਇੰਟ ਅਨਾਜ ਮੰਡੀ ਬਾਈਪਾਸ ਸੰਗਰੂਰ -ਧੂਰੀ ਰੋਡ ਪਾਸ ਮੌਜੂਦ ਸੀ ਤਾਂ ਗੁਪਤ ਇਤਲਾਹ ਮਿਲੀ ਕਿ ਕੁਲਜੀਤ ਸਿੰਘ, ਚਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਨਿੰਦਰ ਸਿੰਘ ਜੋ ਨਜਾਇਜ਼ ਅਸਲੇ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਨਵੀਂ ਅਨਾਜ ਮੰਡੀ ਧੂਰੀ ਦੇ ਖੁੰਜੇ ਪਿੰਡ ਧੂਰਾ ਸਾਈਡ ਦੀਵਾਰ ਦੇ ਪਾਸ ਬੈਠੇ ਕਿਸੇ ਪੈਟਰੋਲ ਪੰਪ ਬੈਂਕ ਜਾਂ ਸ਼ਰਾਬ ਦੇ ਠੇਕੇ ਲੁੱਟਣ ਅਤੇ ਕੋਈ ਗੱਡੀ ਘੇਰ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸੀ ਜਿਨ੍ਹਾਂ ਦਾ ਗੈਂਗ ਲੀਡਰ ਕੁਲਜੀਤ ਸਿੰਘ ਉਰਫ਼ ਜੋਤੀ ਹੈ। 

ਮੁਖ਼ਬਰੀ ਦੇ ਅਧਾਰ 'ਤੇ ਏ.ਐਸ.ਆਈ ਅਵਤਾਰ ਸਿੰਘ ਸੀ.ਆਈ.ਏ ਬਹਾਦਰ ਸਿੰਘ ਵਾਲਾ ਨੇ ਅਸਲਾ ਐਕਟ ਥਾਣਾ ਸਿਟੀ ਧੂਰੀ ਦਰਜ ਕਰਵਾ ਕੇ ਉਕਤ ਵਿਅਕਤੀਆਂ 'ਤੇ ਪੁਲਿਸ ਪਾਰਟੀ ਸਮੇਤ ਰੇਡ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਕੁਲਜੀਤ ਸਿੰਘ ਉਰਫ਼ ਜੋਤੀ ਪਾਸੋਂ ਇੱਕ ਪਿਸਤੌਲ 32 ਬੋਰ ਸਮੇਤ 3 ਰੌਂਦ ਜਿੰਦਾ 32 ਬੋਰ, ਚਰਨਜੀਤ ਸਿੰਘ ਉਰਫ਼ ਚੰਨੀ ਪਾਸੋਂ ਇੱਕ ਕਿਰਚ ਸਟੀਲ, ਅਮਨਪ੍ਰੀਤ ਸਿੰਘ ਉਰਫ਼ ਅਮਨਾ ਪਾਸੋਂ ਇੱਕ ਪਿਸਤੌਲ 315 ਬੋਰ ਸਮੇਤ 1 ਰੌਂਦ ਜਿੰਦਾ 315 ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਪਾਸੋਂ ਇੱਕ ਪਿਸਤੌਲ 30 ਬੋਰ ਸਮੇਤ 2 ਰੌਂਦ ਜਿੰਦਾ 30 ਬੋਰ ਸਮੇਤ ਇੱਕ ਕਾਰ ਮੌਕੇ ਤੋਂ ਬਰਾਮਦ ਕੀਤੇ ਗਏ। ਨਿੰਦਰ ਸਿੰਘ ਵਾਸੀ ਖੇੜੀ ਥਾਣਾ ਸਦਰ ਸੁਨਾਮ ਭੱਜਣ ਵਿੱਚ ਸਫਲ ਹੋ ਗਿਆ। ਉਕਤ ਗਿਰੋਹ ਦੇ ਕਾਬੂ ਹੋਣ ਨਾਲ ਕੋਲੋਂ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।