ਬੰਦ ਘਰਾਂ 'ਚ ਚੋਰੀਆਂ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰ ਸੀ.ਆਈ.ਏ ਪੁਲਿਸ ਨੇ ਕੀਤੇ ਗ੍ਰਿਫ਼ਤਾਰ

Last Updated: Feb 12 2018 15:00

ਬੰਦ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਸੀ.ਆਈ.ਏ ਸਟਾਫ਼ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਨ੍ਹਾਂ ਦੇ ਫਰਾਰ ਹੋਏ ਤੀਸਰੇ ਸਾਥੀ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਕਾਬੂ ਕੀਤੇ ਕਥਿਤ ਦੋਸ਼ੀਆਂ ਦੇ ਕਬਜ਼ੇ ਚੋਂ ਪੁਲਿਸ ਨੂੰ ਚੋਰੀਸ਼ੁਦਾ16 ਮੋਬਾਈਲ ਫ਼ੋਨ, ਇੱਕ ਐਲ.ਈ.ਡੀ, 2 ਹੋਮ ਥੀਏਟਰ, ਇੱਕ ਕੰਪਿਊਟਰ ਐਲ.ਸੀ.ਡੀ, ਇੱਕ ਯੂ.ਪੀ.ਐਸ, 2 ਵਾਈ-ਫਾਈ ਰੂਟਰ, ਇੱਕ ਟਾਟਾ (ਏਸ) ਟੈਂਪੂ ਹੋਰ ਕੀਮਤੀ ਸਮਾਨ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਲਵੀ ਅਤੇ ਲਕਸ਼ਮਣ ਵਜੋਂ ਹੋਈ ਹੈ। ਫਿਲਹਾਲ ਫਰਾਰ ਮੁਲਜ਼ਮ ਮੰਗਲ ਸਿੰਘ ਨੂੰ ਪੁਲਿਸ ਲੱਭ ਰਹੀ ਹੈ। ਚੋਰ ਗਿਰੋਹ ਦੇ ਤਿੰਨੋਂ ਮੈਂਬਰਾਂ ਦੇ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ 'ਚ ਵਾਹਨਾਂ ਅਤੇ ਸੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਕੀਤੀ ਗਈ ਨਾਕਾਬੰਦੀ ਦੌਰਾਨ ਜਾਂਚ ਕੀਤੀ ਸੀ। ਇਸੇ ਦੌਰਾਨ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬੰਦ ਘਰਾਂ ਅਤੇ ਦੁਕਾਨਾਂ 'ਚ ਚੋਰੀਆਂ ਕਰਨ ਵਾਲੇ ਵਿਅਕਤੀ ਚੋਰੀ ਕੀਤੇ ਸਮਾਨ ਸਮੇਤ ਆ ਰਹੇ ਹਨ। ਸੂਚਨਾ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਸ਼ਹਿਰ ਦੇ ਚੌਂਕ ਕੋਲੋਂ ਨਾਕਾਬੰਦੀ ਦੌਰਾਨ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਤੀਸਰਾ ਸਾਥੀ ਮੰਗਲ ਸਿੰਘ ਫਰਾਰ ਹੋ ਗਿਆ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਬੀਤੇ ਸਮੇਂ ਦੌਰਾਨ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੋਰੀ ਦੀਆਂ 8 ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਨ੍ਹਾਂ ਵਿੱਚੋਂ ਚੋਰੀ ਦੇ ਛੇ ਮਾਮਲੇ ਟਰੇਸ ਹੋ ਚੁੱਕੇ ਹਨ। ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਦੋਨਾਂ ਦੋਸ਼ੀਆਂ ਦਾ ਤਿੰਨ ਦਿਨ ਪੁਲਿਸ ਰਿਮਾਂਡ ਮਿਲਣ 'ਤੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਫਰਾਰ ਹੋਏ ਤੀਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ।