ਮੋਬਾਇਲ ਫੋਨ ਖੋਹਕੇ ਭੱਜਦੇ ਮੋਟਰਸਾਈਕਲ ਸਵਾਰ ਝਪਟਮਾਰ ਨੂੰ ਲੋਕਾਂ ਨੇ ਕੀਤਾ ਕਾਬੂ, ਸਾਥੀ ਫਰਾਰ

Last Updated: Feb 12 2018 15:01

ਰਾਹ ਜਾਂਦੇ ਵਿਅਕਤੀ ਦੇ ਹੱਥ ਚੋਂ ਝਪੱਟਾ ਮਾਰਕੇ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਰਹੇ ਮੋਟਰਸਾਈਕਲ ਸਵਾਰ ਇੱਕ ਝਪਟਮਾਰ ਨੂੰ ਨਜ਼ਦੀਕੀ ਰਿੰਡ ਭਾਮੀਆਂ ਕੋਲ ਇਲਾਕੇ ਦੇ ਦੁਕਾਨਦਾਰਾਂ ਨੇ ਕਾਬੂ ਕਰ ਲਿਆ। ਜਦਕਿ ਉਸਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਲੋਕਾਂ ਨੇ ਕਾਬੂ ਕੀਤੇ ਝਪਟਮਾਰ ਨੂੰ ਮੋਟਰਸਾਈਕਲ ਸਮੇਤ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ। ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਰਾਹੁਲ ਵਰਮਾ ਅਤੇ ਫਰਾਰ ਹੋਏ ਝਪਟਮਾਰ ਲਖਵੀਰ ਸਿੰਘ ਵਾਸੀ ਲੁਧਿਆਣਾ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਕਾਬੂ ਕੀਤੇ ਰੁਹਲ ਵਰਮਾ ਦੇ ਕਬਜ਼ੇ ਚੋਂ ਚੋਰੀਸ਼ੁਦਾ ਇੱਕ ਮੋਟਰਸਾਈਕਲ ਅਤੇ ਖੋਹ ਕੀਤੇ ਵੱਖ-ਵੱਖ ਕੰਪਨੀਆਂ ਦੇ ਅੱਠ ਮੋਬਾਇਲ ਬਰਾਮਦ ਕੀਤੇ ਹਨ। ਪੁਲਿਸ ਨੇ ਦੋਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਭਾਮੀਆਂ ਕੋਲ ਇੱਕ ਵਿਅਕਤੀ ਪੈਦਲ ਸੜਕ 'ਤੇ ਮੋਬਾਇਲ ਫੋਨ 'ਤੇ ਗੱਲਾਂ ਕਰਦਾ ਜਾ ਰਿਹਾ ਸੀ। ਇਸੇ ਦੌਰਾਨ ਪਿੱਛੋਂ ਆਏ ਇੱਕ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਝਪੱਟਾ ਮਾਰਕੇ ਉਸਦੇ ਹੱਥੋਂ ਮੋਬਾਇਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਇਸੇ ਦੌਰਾਨ ਉਕਤ ਵਿਅਕਤੀ ਵੱਲੋਂ ਰੋਲਾ ਪਾਏ ਜਾਣ ਦੇ ਬਾਅਦ ਇੱਕ ਨੌਜਵਾਨ ਨੇ ਲੋਕਾਂ ਦੇ ਸਹਿਯੋਗ ਨਾਲ ਪਿੱਛਾ ਕਰਕੇ ਇੱਕ ਝਪਟਮਾਰ ਨੂੰ ਕਾਬੂ ਕਰ ਲਿਆ, ਜਿਸਦੀ ਪਹਿਚਾਣ ਰਾਹੁਲ ਵਰਮਾ ਵਜੋਂ ਹੋਈ। ਇਸਦੇ ਬਾਅਦ ਮੋਬਾਇਲ ਖੋਹਣ ਦੀ ਘਟਨਾ ਸਬੰਧੀ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਉਕਤ ਝਪਟਮਾਰ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਜਦਕਿ ਉਸਦਾ ਦੂਸਰਾ ਸਾਥੀ ਲਖਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਕਾਬੂ ਕੀਤੇ ਰਾਹੁਲ ਵਰਮਾ ਤੋਂ ਪੁੱਛਗਿਛ ਕੀਤੀ ਤਾਂ ਉਸਨੇ ਖੁਲਾਸਾ ਕੀਤਾ ਕਿ ਰਾਹਗੀਰ ਕੋਲੋਂ ਉਸਦਾ ਮੋਬਾਇਲ ਫੋਨ ਖੋਹਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਉਨ੍ਹਾਂ ਦੋਨਾਂ ਨੇ ਇੱਕ ਮਹਿਲਾ ਤੋਂ ਵੀ ਮੋਬਾਇਲ ਫੋਨ ਖੋਹ ਕੀਤਾ ਸੀ। ਪੁਲਿਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਦੇ ਕੋਲੋਂ ਮਿਲਿਆ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਜੋ ਦੋਨਾਂ ਮੁਲਜ਼ਮਾਂ ਨੇ ਸ਼ਹਿਰ ਚੋਂ ਚੋਰੀ ਕੀਤਾ ਸੀ। ਪੁਲਿਸ ਨੇ ਕਾਬੂ ਕੀਤੇ ਰਾਹੁਲ ਵਰਮਾ ਅਤੇ ਫਰਾਰ ਹੋਏ ਲਖਵੀਰ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।