ਬਲਾਤਕਾਰ ਦੇ ਦੋਸ਼ 'ਚ ਦੋ ਖ਼ਿਲਾਫ਼ ਪਰਚਾ ਦਰਜ: ਘਟਨਾ ਸਮੇਂ ਸ਼ੋਚ ਨੂੰ ਗਈ ਸੀ ਮਹਿਲਾ

Last Updated: Feb 12 2018 14:50

ਸ਼ੋਚ ਨੂੰ ਗਈ ਇੱਕ ਔਰਤ ਦੇ ਨਾਲ ਕਥਿਤ ਤੌਰ 'ਤੇ ਦੋ ਜਾਣਿਆ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਰੇਪ ਕੀਤੇ ਜਾਣ ਦਾ ਮਾਮਲਾ ਦਰਜ ਕਰਕੇ ਨਾਮਜ਼ਦ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਥਾਣਾ ਸਦਰ ਅਧੀਨ ਆਉਂਦੇ ਪਿੰਡ ਫ਼ਤਿਹਗੜ੍ਹ ਵਾਸੀ ਅਮਨਦੀਪ ਕੌਰ (ਬਦਲਿਆਂ ਹੋਇਆ ਨਾਂਅ) ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਪਿੰਡ ਦੇ ਹੀ ਗੁਰਮੀਤ ਸਿੰਘ ਅਤੇ ਇੱਕ ਨਾਮਾਲੂਮ ਲੜਕੇ ਵੱਲੋਂ ਉਸ ਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਮਹਿਲਾ ਨੇ ਕਿਹਾ ਕਿ ਰਾਤ ਕਰੀਬ 9 ਵਜੇ ਉਹ ਸ਼ੋਚ ਲਈ ਘਰ ਦੇ ਬਾਹਰ ਗਈ ਤਾਂ ਗੁਰਮੀਤ ਸਿੰਘ ਨੇ ਉਸ ਨੂੰ ਜ਼ਬਰਦਸਤੀ ਇੱਕ ਤੂੜੀ ਵਾਲੇ ਕਮਰੇ ਵਿੱਚ ਵਾੜ ਲਿਆ 'ਤੇ ਉਸਦੇ ਨਾਲ ਜ਼ਬਰਦਸਤੀ ਕੀਤੀ। ਇਸ ਦੌਰਾਨ ਉਸ ਦੇ ਨਾਲ ਇੱਕ ਨਾਮਾਲੂਮ ਲੜਕਾ ਵੀ ਸੀ ਤੇ ਉਸ ਨੇ ਵੀ ਉਸਦੇ ਨਾਲ ਬਲਾਤਕਾਰ ਕੀਤਾ। ਉਸ ਨੇ ਆਪਣੇ ਆਪ ਨੂੰ ਬਚਾਉਣ ਅਤੇ ਉਨ੍ਹਾਂ ਦੇ ਚੰਗੁਲ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਈ। ਉਸ ਨੂੰ ਸ਼ੋਰ ਨਾ ਪਾਉਣ ਲਈ ਧਮਕੀ ਦਿੱਤੀ ਗਈ ਸੀ। 

ਮਹਿਲਾ ਦੇ ਅਨੁਸਾਰ ਆਪਣੀ ਹਵਸ ਦੀ ਅੱਗ ਪੁਰੀ ਕਰਨ ਤੋਂ ਬਾਅਦ ਦੋਵੇਂ ਜਣੇ ਉੱਥੋਂ ਫਰਾਰ ਹੋ ਗਏ। ਉਹ ਉੱਥੋਂ ਬੜੀ ਮੁਸ਼ਕਿਲ ਨਾਲ ਆਪਣੇ ਘਰ ਪਹੁੰਚੀ ਤੇ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ 'ਚ ਦਰਜ ਕਰਵਾਉਣ ਲਈ ਕਿਹਾ। ਸਦਰ ਥਾਣਾ ਪੁਲਿਸ ਨੇ ਅਮਨਦੀਪ ਕੌਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਅਤੇ ਉਸ ਦੇ ਨਾਮਾਲੂਮ ਸਾਥੀ ਖ਼ਿਲਾਫ਼ ਅਧੀਨ ਧਾਰਾ 376, 34 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਮਹਿਲਾ ਪੁਲਿਸ ਅਧਿਕਾਰੀ ਬਖਸ਼ੀਸ਼ ਕੌਰ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਪਰ ਫ਼ਿਲਹਾਲ ਆਰੋਪੀ ਘਰੋਂ ਫਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਆਰੋਪੀ ਪੁਲਿਸ ਅੜਿੱਕੇ 'ਚ ਹੋਣਗੇ।