ਏਟੀਐਮ ਕਾਰਡ ਬਦਲੀ ਕਰਕੇ ਨੌਸਰਬਾਜ਼ ਨੇ ਖਾਤੋਂ ਚੋਂ ਉਡਾਏ 30 ਹਜ਼ਾਰ ਰੁਪਏ, ਮਾਮਲਾ ਦਰਜ

Last Updated: Feb 12 2018 14:35

ਏਟੀਐਮ ਕਾਉਂਟਰ 'ਤੇ ਰੁਪਏ ਕਢਵਾਉਣ ਗਏ ਇੱਕ ਵਿਅਕਤੀ ਦਾ ਏਟੀਐਮ ਕਾਰਡ ਬਦਲੀ ਕਰਕੇ ਇੱਕ ਨੌਸਰਬਾਜ਼ ਨੇ ਉਸਦੇ ਅਕਾਉਂਟ ਵਿੱਚੋਂ 30 ਹਜ਼ਾਰ ਰੁਪਏ ਉਡਾ ਦਿੱਤੇ। ਠੱਗੀ ਦਾ ਪਤਾ ਲੱਗਣ ਦੇ ਬਾਅਦ ਨੌਸਰਬਾਜ਼ ਦਾ ਸ਼ਿਕਾਰ ਹੋਏ ਵਿਅਕਤੀ ਨੇ ਧੋਖਾਧੜੀ ਸਬੰਧੀ ਜ਼ਿਲ੍ਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਗੁਰੂ ਨਾਨਕ ਨਗਰ ਇਲਾਕੇ ਦੇ ਵਾਲੇ ਰਵੀ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਲੁਧਿਆਣਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ। ਬੀਤੇ ਦਿਨ ਉਹ ਜਮਾਲਪੁਰ ਰੋਡ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ਦੇ ਏਟੀਐਮ ਕਾਉਂਟਰ ਤੋਂ ਰੁਪਏ ਕਢਵਾਉਣ ਦੇ ਲਈ ਗਿਆ ਸੀ। ਜਦੋਂ ਉਸਨੇ ਏਟੀਐਮ ਮਸ਼ੀਨ 'ਚ ਆਪਣਾ ਕਾਰਡ ਪਾ ਕੇ ਰੁਪਏ ਕਢਵਾਉਣੇ ਚਾਹੇ ਤਾਂ ਸਹੀ ਢੰਗ ਨਾਲ ਕਾਰਡ ਨਾ ਚੱਲਣ ਦੇ ਕਾਰਨ ਮਸ਼ੀਨ ਚੋਂ ਨਗਦੀ ਨਹੀਂ ਨਿਕਲ ਸਕੀ। ਇਸੇ ਦੌਰਾਨ ਉਸਦੇ ਪਿੱਛੇ ਆ ਕੇ ਖੜੇ ਇੱਕ ਵਿਅਕਤੀ ਨੇ ਕਿਹਾ ਕਿ ਉਹ ਉਸਦੀ ਸਹਾਇਤਾ ਕਰ ਦਿੰਦਾ ਹੈ। 

ਉਸ ਦੌਰਾਨ ਨੌਸਰਬਾਜ਼ ਨੇ ਉਸਦਾ ਏਟੀਐਮ ਕਾਰਡ ਫੜਕੇ ਮਸ਼ੀਨ 'ਚ ਪਾਸ ਕਰਕੇ ਉਸਤੋਂ ਪਾਸਵਰਡ ਪੁੱਛ ਕੇ ਮਸ਼ੀਨ ਵਿੱਚ ਦਰਜ ਕਰ ਦਿੱਤਾ ਪਰ ਰੁਪਏ ਫੇਰ ਵੀ ਨਹੀਂ ਨਿਕਲ ਸਕੇ। ਇਸੇ ਦੌਰਾਨ ਨੌਸਰਬਾਜ਼ ਨੇ ਉਸਦਾ ਏਟੀਐਮ ਕਾਰਡ ਬਦਲੀ ਕਰਕੇ ਉਸਨੂੰ ਹੋਰ ਏਟੀਐਮ ਕਾਰਡ ਫੜਾ ਦਿੱਤਾ ਅਤੇ ਮੌਕੇ ਤੋਂ ਚਲਾ ਗਿਆ। ਸ਼ਿਕਾਇਤਕਰਤਾ ਰਵੀ ਕੁਮਾਰ ਦਾ ਕਹਿਣਾ ਹੈ ਕਿ ਕੁੱਝ ਸਮੇਂ ਬਾਅਦ ਉਸਨੂੰ ਮੋਬਾਇਲ ਫੋਨ 'ਤੇ ਮੈਸੇਜ ਆਇਆ ਕਿ ਉਸਦੇ ਆਕਉਂਟ ਚੋਂ 30 ਹਜ਼ਾਕ ਰੁਪਏ ਕਢਵਾਏ ਗਏ ਹਨ। ਉਸਦੇ ਬਾਅਦ ਉਸਨੇ ਏਟੀਐਮ ਦੇਖਿਆ ਤਾਂ ਪਤਾ ਲੱਗਾ ਕਿ ਨੌਸਰਬਾਜ਼ ਨੇ ਉਸਦਾ ਕਾਰਡ ਬਦਲੀ ਕਰਕੇ ਉਸਦੇ ਨਾਲ ਠੱਗੀ ਮਾਰੀ ਹੈ। ਪੀੜਤ ਰਵੀ ਕੁਮਾਰ ਨੇ ਥਾਣਾ ਜਮਾਲਪੁਰ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਧੋਖਾਧੜੀ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਠੱਗੀ ਮਾਰਨ ਵਾਲੇ ਨੌਸਰਬਾਜ਼ ਦਾ ਸੁਰਾਗ ਲਗਾਉਣ ਲਈ ਏ.ਟੀ.ਐਮ ਕਾਉਂਟਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਖੰਗਾਲਣਾ ਸ਼ੁਰੂ ਕੀਤਾ ਹੈ।