ਬਾਜ਼ਾਰ 'ਚ ਬਰਗਰ ਖਾਣ ਨਿਕਲਿਆ ਨੌਜਵਾਨ ਭੇਦਭਰੇ ਹਾਲਾਤ 'ਚ ਗ਼ਾਇਬ

Jatinder Singh
Last Updated: Feb 12 2018 14:02

ਘਰ ਤੋਂ ਬਾਜ਼ਾਰ 'ਚ ਬਰਗਰ ਖਾਣ ਲਈ ਨਿਕਲਿਆ 12ਵੀਂ ਜਮਾਤ ਦਾ ਵਿਦਿਆਰਥੀ ਬੀਤੇ ਇੱਕ ਹਫ਼ਤੇ ਤੋਂ ਭੇਦਭਰੇ ਹਾਲਾਤ 'ਚ ਗ਼ਾਇਬ ਹੈ। ਆਪਣੇ ਨੌਜਵਾਨ ਲੜਕੇ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ ਉਸ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ ਅਤੇ ਦਿਨ ਰਾਤ ਉਸ ਦੀ ਤਲਾਸ਼ ਕਰ ਰਹੇ ਹਨ। ਗ਼ਾਇਬ ਹੋਏ ਨੌਜਵਾਨ ਦੇ ਪਿਤਾ ਸੱਜਣ ਸਿੰਘ ਨੇ ਪੁਲਿਸ ਕੋਲ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸਥਾਨਕ ਮਲੇਰਕੋਟਲਾ ਰੋਡ ਸਥਿਤ ਜੇਠੀ ਨਗਰ ਇਲਾਕੇ ਦਾ ਰਹਿਣ ਵਾਲਾ ਪੁਨੀਤਪਾਲ ਸਿੰਘ ਨਜ਼ਦੀਕੀ ਪਿੰਡ ਈਸੜੂ ਸਥਿਤ ਗੋਪਾਲ ਪਬਲਿਕ ਸਕੂਲ 'ਚ 12ਵੀਂ ਜਮਾਤ ਦੀ ਵਿਦਿਆਰਥੀ ਹੈ।

ਉਸ ਦੇ ਪਿਤਾ ਸੱਜਣ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 6 ਫਰਵਰੀ ਨੂੰ ਉਸ ਦਾ ਲੜਕਾ ਪੁਨੀਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿਕੇ ਘਰ ਤੋਂ ਨਿਕਲਿਆ ਸੀ ਕਿ ਉਹ ਬਾਜ਼ਾਰ 'ਚ ਬਰਗਰ ਖਾਣ ਜਾ ਰਿਹਾ ਹੈ। ਕਾਫੀ ਸਮਾਂ ਬੀਤ ਜਾਣ ਦੇ ਬਾਦ ਵੀ ਜਦੋਂ ਪੁਨੀਤ ਵਾਪਸ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਦੇ ਉਸ ਦੀ ਤਲਾਸ਼ ਸ਼ੁਰੂ ਕੀਤੀ ਪਰ ਪੁਨੀਤ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਦੇ ਬਾਦ ਪੁਲਿਸ ਕੋ ਸ਼ਿਕਾਇਤ ਦਰਜ ਕਰਵਾਈ ਗਈ। ਬਾਦ 'ਚ ਜਾਂਚ ਕਰਨ ਤੇ ਪਤਾ ਲੱਗਾ ਗ਼ਾਇਬ ਹੋਣ ਵਾਲੇ ਦਿਨ ਤੋਂ ਬਾਦ ਉਸ ਦੇ ਮੋਬਾਈਲ ਫ਼ੋਨ ਦੀ ਆਖ਼ਰੀ ਲੋਕੇਸ਼ਨ ਦੋਰਾਹਾ ਸ਼ਹਿਰ ਦੀ ਪਾਈ ਗਈ ਸੀ, ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਪਤਾ ਨਹੀਂ ਲੱਗ ਸਕੀ ਹੈ। ਪੁਨੀਤ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪੂਰਾ ਪਰਿਵਾਰ ਚਿੰਤਾ ਵਿੱਚ ਹੈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਛੇਤੀ ਤੋਂ ਛੇਤੀ ਲੱਭਿਆ ਜਾਵੇ।