ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਫਿਰ ਲਗਾਈ ਰੋਕ.!!!

Last Updated: Jan 30 2018 19:19

ਪੰਜਾਬ ਸਰਕਾਰ ਇੱਕ ਵਾਰ ਫਿਰ ਵਿੱਤ ਸੰਕਟ ਵਿੱਚ ਘਿਰ ਗਈ ਹੈ, ਜਿਸ ਕਰਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਰੋਕ ਲਗਾਉਣ ਦੇ ਜਬਾਨੀ ਹੁਕਮ ਜ਼ਿਲ੍ਹਾ ਖਜ਼ਾਨਾ ਅਫ਼ਸਰਾਂ ਨੂੰ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਰਕਾਰ ਦਾ ਵਿੱਤੀ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਦੇ ਤਾਜ਼ਾ ਜੁਬਾਨੀ ਹੁਕਮਾਂ ਅਨੁਸਾਰ ਖਜ਼ਾਨਾ ਦਫ਼ਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਮੁਲਾਜ਼ਮਾਂ ਦੀਆਂ ਜਨਵਰੀ ਦੀ ਤਨਖ਼ਾਹਾਂ ਦੇ ਬਿੱਲਾਂ ਨੂੰ ਵਾਪਸ ਮੋੜ ਕੇ ਉਸ ਨੂੰ ਕੈਟਾਗਰੀ ਵਾਈਜ ਬਣਾ ਕੇ ਲਿਆਉਣ ਲਈ ਕਹੇ।

ਫਿਰ ਜਦੋਂ ਕੈਟਾਗਰੀ ਵਾਈਜ ਤਨਖ਼ਾਹਾਂ ਦੇ ਬਿੱਲ ਆ ਜਾਣਗੇ ਤਾਂ ਸਭ ਤੋਂ ਪਹਿਲੋਂ ਕਲਾਸ ਡੀ ਦੇ ਬਿੱਲ ਪਾਸ ਕੀਤੇ ਜਾਣ। ਇਸ ਕਰਕੇ ਖਜ਼ਾਨਾ ਦਫ਼ਤਰਾਂ ਨੇ ਜਨਵਰੀ ਦੀ ਤਨਖ਼ਾਹ ਦੇ ਬਿੱਲ ਲੈਣੇ ਬੰਦ ਕਰ ਦਿੱਤੇ ਹਨ ਅਤੇ ਕੈਟਾਗਰੀ ਵਾਈਜ ਬਣਾ ਕੇ ਲਿਆਉਣ ਲਈ ਆਖਿਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਜਲਦ ਮਿਲਣ ਦੇ ਆਸਾਰ ਨਹੀਂ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਫ਼ੈਸਲੇ ਦੀ ਪੁਰਜ਼ੋਰ ਸਬਦਾਂ ਵਿੱਚ ਨਿਖੇਧੀ ਕਰਦਿਆਂ ਚੇਤਾਵਨੀ ਦਿੰਦੀ ਹੈ ਕਿ ਉਹ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣਾ ਬੰਦ ਕਰੇ ਅਤੇ ਖਜ਼ਾਨਾ ਦਫ਼ਤਰਾਂ ਨੂੰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੇ ਹੁਕਮ ਜਾਰੀ ਕਰੇ।