ਸਰਕਾਰ ਚੋਣਾਂ ਤੋਂ ਪਹਿਲੋਂ ਡਿਪੂ ਹੋਲਡਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ: ਆਗੂ

Last Updated: Jan 25 2018 14:39

6-6 ਮਹੀਨਿਆਂ ਦੀ ਕਣਕ ਇਕੱਠੀ ਵੰਡਣ ਦਾ ਹੁਕਮ ਤਾਂ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਜਾਂਦਾ ਹੈ, ਪਰ ਕਣਕ ਨੂੰ ਸੰਭਾਲਣ ਅਤੇ ਵੰਡਣ 'ਚ ਆਉਂਦੀ ਪ੍ਰੇਸ਼ਾਨੀ ਬਾਰੇ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪੂ ਹੋਲਡਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੱਲਰ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਵਾਰਸਵਾਲਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਪੰਜਾਬ 'ਚ ਆਈਆਂ ਸਰਕਾਰਾਂ ਨੇ ਆਪਣੇ ਫ਼ਰਮਾਨ ਜਾਰੀ ਕਰਕੇ ਡਿਪੂ ਹੋਲਡਰਾਂ ਨੂੰ ਘਾਟਾ ਹੀ ਪਹੁੰਚਾਇਆ ਹੈ।

ਸਰਕਾਰ ਡਿੱਪੂ ਹੋਲਡਰਾਂ ਨੂੰ ਇਕੱਠੀ 6-6 ਮਹੀਨਿਆਂ ਦੀ ਕਣਕ ਵੰਡਣ ਨੂੰ ਤਾਂ ਆਖ ਦਿੰਦੀ ਹੈ ਪਰ ਕਣਕ ਨੂੰ ਰੱਖਣਾ ਅਤੇ ਵੰਡਣ ਸਮੇਂ ਆਉਣ ਵਾਲੀਆਂ ਪ੍ਰੇਸ਼ਾਨੀ ਬਾਰੇ ਸਰਕਾਰ ਵੱਲੋਂ ਸੋਚਿਆ ਨਹੀਂ ਜਾਂਦਾ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਡਿਪੂ ਹੋਲਡਰਾਂ ਤੱਕ ਕਣਕ ਪ੍ਰਤੀ ਮਹੀਨਾ ਪਹੁੰਚਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਸੰਭਾਲਣ ਅਤੇ ਵੰਡਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਪੰਜਾਬ ਦੇ ਡਿਪੂਆਂ 'ਤੇ ਸਿਰਫ਼ ਕਣਕ ਹੀ ਵੰਡੀ ਜਾਂਦੀ ਹੈ ਜਦੋਂਕਿ ਬਾਹਰਲੇ ਸੂਬਿਆਂ 'ਚ ਸਰਕਾਰੀ ਡਿਪੂਆਂ 'ਤੇ ਕਣਕ, ਦਾਲਾਂ, ਘਿਉ, ਚੌਲ, ਖੰਡ ਅਤੇ ਮਿੱਟੀ ਦਾ ਤੇਲ ਵੰਡਿਆਂ ਜਾਂਦਾ ਹੈ। ਜਿਸ ਨਾਲ ਬਾਹਰਲੇ ਸੂਬਿਆਂ ਦੇ ਡਿਪੂ ਹੋਲਡਰਾਂ ਨੂੰ ਵੱਖ-ਵੱਖ ਚੀਜ਼ਾਂ ਦਾ ਕਮਿਸ਼ਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲੋਂ ਪੰਜਾਬ ਦੇ ਡਿਪੂ ਹੋਲਡਰਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਮੋਨੂੰ ਅਹੂਜਾ, ਸਤਨਾਮ ਸਿੰਘ ਲਾਲੂਵਾਲਾ, ਕੇਵਲ ਸਿੰਘ ਪੀਰ ਮੁਹੰਮਦ, ਜਗਜੀਤ ਸਿੰਘ, ਬਲਕਾਰ ਸਿੰਘ, ਗੁਰਚੇਤ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।