ਕੈਪਟਨ ਦੇ ਝੂਠੇ ਵਾਅਦੇ ਨੇ ਪੂਰਾ ਕੀਤਾ ਇੱਕ ਸਾਲ

Tarsem Chanana
Last Updated: Jan 24 2018 20:28

ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਨਿੱਤ ਵੱਖੋ ਵੱਖਰੇ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਮੁਲਾਜ਼ਮਾਂ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਵਾਲੇ ਦਿਨ ਤੋਂ ਵੱਖਰੇ ਢੰਗ ਨਾਲ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਨੂੰ ਜਾਰੀ ਰੱਖਿਆ ਹੋਇਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਦੇ ਐਕਸ਼ਨ ਤੋਂ ਬਾਅਦ ਜਨਵਰੀ ਮਹੀਨੇ ਦੌਰਾਨ ਹੀ ਅੱਜ ਇਨ੍ਹਾਂ ਮੁਲਾਜ਼ਮਾਂ ਦਾ ਸੂਬੇ 'ਚ ਚੌਥਾ ਐਕਸ਼ਨ ਹੈ ਜੋ ਕਿ ਇੱਕ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਦੀ ਨਵੀਂ ਪਹਿਲ ਹੈ।

ਅੱਜ ਜੈਤੋ ਦੇ ਆਸ-ਪਾਸ ਦੇ ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਜ਼ਿਲ੍ਹਾ ਫ਼ਰੀਦਕੋਟ ਵਿਖੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਮੁਲਾਜ਼ਮਾਂ ਵੱਲੋਂ ਅੱਜ ਦੇ ਦਿਨ ਇੱਕ ਸਾਲ ਪਹਿਲਾਂ 24 ਜਨਵਰੀ 2017 ਨੂੰ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਵੋਟਾਂ ਲੈਣ ਲਈ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਬੰਧ 'ਚ ਟਵੀਟ ਕੀਤਾ ਸੀ। 

ਪਰ ਸਰਕਾਰ ਬਣਨ ਦੇ ਇੱਕ ਸਾਲ ਬਾਅਦ ਵੀ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਵੀ ਪਾਸਾ ਵੱਟ ਲਿਆ। ਜਿਸ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਰੰਗੀਨ ਪ੍ਰਿੰਟ ਲੈ ਕੇ ਡਾਕ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੋਤੀ ਮਹਿਲ ਪਟਿਆਲਾ ਅਤੇ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਨੂੰ ਭੇਜਿਆ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਪੰਕਜ ਕੁਮਾਰ ਨੇ ਕਿਹਾ ਕਿ 10 ਮਹੀਨੇ ਬੀਤ ਜਾਣ 'ਤੇ ਇੱਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਕਾਂਗਰਸ ਪਾਰਟੀ ਦੀ ਨੌਜਵਾਨ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ। ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਅਤੇ ਲੋਹੜੀ ਦੇ ਦਿਨ ਵੱਖਰੇ ਤਰੀਕੇ ਨਾਲ ਕੀਤੇ ਸੰਘਰਸ਼ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਸੋਸ਼ਲ ਮੀਡੀਆ ਟਵੀਟਰ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਟਵੀਟ ਦੇ ਇੱਕ ਸਾਲ ਪੂਰਾ ਹੋਣ 'ਤੇ ਵਾਅਦਾ ਖ਼ਿਲਾਫ਼ੀ ਦਿਵਸ ਮਨਾਇਆ ਹੈ।