ਝੂਠ ਬੋਲ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਨੇ ਹਰ ਵਰਗ ਨਾਲ ਕੀਤਾ ਧੋਖਾ: ਜ਼ੀਰਾ, ਮਾਨ

Gurpreet Singh Josan
Last Updated: Jan 24 2018 16:41

ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਣ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ ਹਾਸਿਲ ਕੀਤੀ ਹੈ। ਸੱਤਾ ਮਿਲਣ ਉਪਰੰਤ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੀ ਬਰੇਕਾਂ ਲਗਾ ਦਿੱਤੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਹਲਕਾ ਗੁਰੂਹਰਸਹਾਏ ਤੋਂ ਅਕਾਲੀ ਦਲ ਦੇ ਇੰਚਾਰਜ਼ ਵਰਦੇਵ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਮਾਨ ਨੇ ਕਿਹਾ ਕੇ ਕਾਂਗਰਸ ਸਰਕਾਰ ਦਾ ਧਿਆਨ ਵਿਕਾਸ ਦੇ ਵੱਲ ਨਹੀਂ ਬਲਕਿ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ 'ਤੇ ਧੜਾ-ਧੜ ਨਜਾਇਜ਼ ਪਰਚੇ ਦਰਜ ਕਰਵਾਉਣ ਵੱਲ ਹੈ।

ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਲੋਕਸਭਾ ਹਲਕੇ 'ਚ ਜਿਮਨੀ ਚੋਣਾਂ ਦੇ ਮੱਦੇਨਜ਼ਰ ਸਿਰਫ ਦੋ ਮਹੀਨਿਆਂ ਦੀ ਪੈਨਸ਼ਨ ਦੇਣ ਤੋਂ ਇਲਾਵਾ ਪੂਰੇ ਪੰਜ਼ਾਬ ਵਿੱਚ ਕਾਂਗਰਸ ਸਰਕਾਰ ਬਨਣ ਤੋਂ ਬਾਅਦ ਪਿਛਲੇ 10 ਮਹੀਨਿਆਂ ਤੋਂ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨਾਂ ਨਹੀਂ ਦਿੱਤੀਆਂ ਗਈਆਂ ਅਤੇ ਹੁਣ ਆਟਾ ਦਾਲ ਦੇ ਨਾਲ ਚਾਹ ਖੰਡ ਦੇਣ ਦੀ ਥਾਂ ਸਰਕਾਰ ਦਾ ਆਟਾ ਵੀ ਮੁੱਕਿਆ ਪਿਆ ਹੈ। ਕੈਪਟਨ ਸਰਕਾਰ ਗਰੀਬ ਅਤੇ ਲਾਚਾਰ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਦਿੱਤਾ ਜਾਂਦਾ ਆਟਾ ਦਾਲ ਵੀ ਬੰਦ ਕਰੀ ਬੈਠੀ ਹੈ। ਆਗੂਆਂ ਨੇ ਕਿਹਾ ਕੇ ਪੰਜਾਬ ਦੇ ਲੋਕ ਆਪਣੇ ਨਾਲ ਹੋਈ ਇਸ ਠੱਗੀ ਦਾ ਲੋਕਸਭਾ ਚੋਣਾਂ ਵਿੱਚ ਜੁਆਬ ਦੇਣ ਲਈ ਤਿਆਰ ਬੈਠੇ ਹਨ।