ਜੇ ਕੈਪਟਨ ਸਰਕਾਰ ਕਿਸਾਨ ਪੱਖੀ ਹੈ ਤਾਂ ਸਮੁੱਚੇ ਕਿਸਾਨਾਂ ਦੇ ਕਰਜ਼ਿਆਂ 'ਤੇ ਫੇਰੇ ਲਕੀਰ: ਲੱਖੋਵਾਲ

Gurpreet Singh Josan
Last Updated: Jan 18 2018 17:01

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਕਿਸਾਨਾਂ ਨੂੰ ਕਰਜ਼ੇ ਮੁਆਫੀ ਸਬੰਧੀ ਗੁੰਮਰਾਹ ਕਰਨਾ ਬੰਦ ਕਰੋ ਅਤੇ ਜੇ ਸਚਮੁੱਚ ਹੀ ਕਿਸਾਨ ਪੱਖੀ ਹੋ ਤਾਂ ਸਮੁੱਚੇ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਫੇਰੋ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਆਖਿਆ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਧੋਖਾ ਕਰਕੇ ਬਣੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉਹੀ ਰਸਤਾ ਅਪਣਾ ਕੇ ਸੱਤਾ ਤਾਂ ਹਾਸਿਲ ਕਰ ਲਈ ਹੈ, ਪਰ ਕਿਸਾਨਾਂ ਦਾ ਸੰਵਾਰਿਆ ਕੁੱਝ ਨਹੀਂ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ 2018 ਦਾ ਵਰ੍ਹਾ ਔਖਾ ਸਮਾਂ ਹੈ, ਆਪ ਆਪਣੇ ਏਕੇ ਨਾਲ ਸਰਕਾਰ ਦੀ ਨੱਕ ਵਿੱਚ ਦਮ ਕਰ ਦੇਣਾ। ਲੱਖੋਵਾਲ ਨੇ ਆਖਿਆ ਕਿ 12 ਮਾਰਚ 2018 ਤੱਕ ਕੇਂਦਰ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਚੋਣਾਂ ਤੋਂ ਪਹਿਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਿਸਾਨ ਤੁਹਾਡਾ ਬੋਰੀ ਬਿਸਤਰਾ ਗੋਲ ਕਰ ਦੇਣਗੇ, ਜਿਸ ਦੀ ਸ਼ੁਰੂਆਤ 13 ਮਾਰਚ ਨੂੰ ਦਿੱਲੀ ਦਾ ਘੇਰਾਓ ਕਰਕੇ ਕੀਤੀ ਜਾਵੇਗੀ। ਲੱਖੋਵਾਲ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਜੱਥੇਬੰਦੀ ਵੱਲੋਂ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਹਰ ਪਿੰਡ ਤੱਕ ਪਹੁੰਚ ਕਰਨ ਤੋਂ ਬਾਅਦ ਹਰੇਕ ਜ਼ਿਲ੍ਹੇ ਵਿੱਚ ਇੱਕ ਕਿਸਾਨ ਪੰਚਾਇਤ ਕਰਕੇ ਕਿਸਾਨਾਂ ਨੂੰ ਅਗਲੇ ਸੰਘਰਸ਼ ਬਾਰੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣਾ, ਕਿਸਾਨਾਂ ਜਿੰਮੇ ਪਿਛਲੇ ਸਮੇਂ ਦੇ ਕਰਜ਼ੇ ਖਤਮ ਕਰਾਉਣਾ, ਖੇਤੀਬਾੜੀ ਨੂੰ ਜੀਐਸਟੀ ਦੇ ਘੇਰੇ 'ਚੋਂ ਬਾਹਰ ਰੱਖਵਾਉਣਾ, ਸਾਰਥਿਕ ਖੇਤੀ ਨੀਤੀ ਦਾ ਐਲਾਨ ਕਰਵਾਉਣਾ ਮੁੱਖ ਮੰਗਾਂ ਹਨ। ਉਨ੍ਹਾਂ ਦਾਅਵਾ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਇਹ ਮੰਗਾਂ ਤੁਰੰਤ ਮੰਨ ਲੈਂਦੀ ਹੈ ਤਾਂ ਦੇਸ਼ ਵਿੱਚ ਇੱਕ ਵੀ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਦੇਸ਼ ਦੇ ਕਿਸਾਨਾਂ ਲਈ ਵੱਡਾ ਖਤਰਾ ਵਿਸ਼ਵ ਵਪਾਰ ਸੰਸਥਾ ਦਾ ਬਣ ਗਿਆ ਹੈ, ਜੋ ਭਾਰਤ ਵਰਗੇ ਵਿਕਾਸ਼ਸੀਲ ਦੇਸ਼ ਲਈ ਬਹੁਤ ਹੀ ਘਾਤਕ ਹੈ।