ਕੈਪਟਨ ਸਰਕਾਰ ਵਿਰੁੱਧ ਡੀਸੀ ਦਫ਼ਤਰ ਕਾਮਿਆਂ ਨੇ ਕੱਢੀ ਗੇਟ ਰੈਲੀ.!!!

Last Updated: Jan 16 2018 15:22

ਦੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਗੇਟ ਰੈਲੀ ਕੀਤੀ। ਇਸ ਗੇਟ ਰੈਲੀ ਵਿੱਚ ਦਫ਼ਤਰ ਡਿਪਟੀ ਕਮਿਸ਼ਨਰ, ਸਮੂਹ ਦਫ਼ਤਰ ਉਪ ਮੰਡਲ ਮੈਜਿਸਟਰੇਟ, ਸਮੂਹ ਦਫ਼ਤਰ ਤਹਿਸੀਲਦਾਰ ਅਤੇ ਸਮੂਹ ਦਫ਼ਤਰ ਨਾਇਬ ਤਹਿਸੀਲਦਾਰ ਦੇ ਮਨਿਸਟਰੀਅਲ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਥਿੰਦ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਪੰਜਾਬ ਦੇ ਦਫ਼ਤਰ ਡਿਪਟੀ ਕਮਿਸ਼ਨਰਾਂ ਵਿੱਚ ਕਲਰਕਾਂ, ਸੀਨੀਅਰ ਸਹਾਇਕਾਂ ਅਤੇ ਸੁਪਰਡੈਂਟਾਂ ਦੀਆਂ ਕਈ ਅਸਾਮੀਆਂ ਖਾਲੀ ਹਨ, ਪਰ ਸਰਕਾਰ ਇਨ੍ਹਾਂ ਅਸਾਮੀਆਂ ਨੂੰ ਭਰਨ ਵੱਲ ਖਿਆਲ ਨਹੀਂ ਕਰ ਰਹੀ। ਜਿਸ ਕਾਰਨ ਸਾਡੇ ਸਾਥੀਆਂ ਨੂੰ ਆਪਣੇ ਕੰਮ ਤੋਂ ਇਲਾਵਾ ਦੂਜੇ ਸਾਥੀਆਂ ਦਾ ਵਾਧੂ ਕੰਮ ਕਰਨਾ ਪੈਂਦਾ ਹੈ। ਇਸ ਨਾਲ ਮੁਲਾਜ਼ਮਾਂ ਨੂੰ ਮਾਨਸਿਕ ਦਬਾਅ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮੌਕੇ 'ਤੇ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਯਪ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਲਈ ਰਸਤਾ ਖੋਲ੍ਹੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।

ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੱਲਬਾਤ ਦਾ ਰਸਤਾ ਨਾ ਖੋਲ੍ਹਿਆ ਗਿਆ ਤਾਂ ਮੁਲਾਜ਼ਮ ਮਜਬੂਰਨ ਤਿੱਖੇ ਸੰਘਰਸ਼ ਦੇ ਰਾਹ 'ਤੇ ਤੁਰ ਪੈਣਗੇ। ਇਸ ਮੌਕੇ ਰੈਲੀ ਨੂੰ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ, ਪ੍ਰਵੀਨ ਕੁਮਾਰ ਵਾਇਸ ਪ੍ਰਧਾਨ, ਦਰਸ਼ਨ ਕੌਰ ਵਾਇਸ ਪ੍ਰਧਾਨ, ਰਾਜਵਿੰਦਰ ਕੌਰ, ਕੇਵਲ ਕ੍ਰਿਸ਼ਨ, ਪ੍ਰਦੀਪ ਕੁਮਾਰ, ਰਾਜਿੰਦਰ ਕੁਮਾਰ, ਨਰੇਸ਼ ਹਾਂਡਾ, ਸੰਦੀਪ ਸਿੰਘ, ਸੁਖਵੰਤ ਸਿੰਘ ਖੋਸਾ, ਸੰਜੀਵ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।