ਪਟਿਆਲਾ 'ਚ ਮੇਲਿਆਂ ਦਾ ਦੌਰ ਸ਼ੁਰੂ

Last Updated: Jan 14 2018 20:01

ਪਟਿਆਲਾ ਵਿੱਚ ਕੈਪਟਨ ਸਰਕਾਰ ਦੇ ਆਉਂਦੇ ਹੀ ਮੇਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਪੁਰਾਣੀ ਬਾਦਲ ਸਰਕਾਰ ਨੇ ਸ਼ਹਿਰ ਨੂੰ ਹਰ ਤਰ੍ਹਾਂ ਦੇ ਸਭਿਆਚਾਰਕ ਮੇਲਿਆਂ ਤੋਂ ਦੂਰ ਰੱਖਿਆ ਹੋਇਆ ਸੀ ਪਰ ਕੈਪਟਨ ਸਰਕਾਰ ਨੇ ਆਪਣੇ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸ਼ਹਿਰ 'ਚ ਮੇਲੇ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਸਾਲ ਦੇ ਅੰਤ ਵਿੱਚ ਜਿੱਥੇ ਸਰਕਾਰ ਨੇ ਪਟਿਆਲਵੀਆਂ ਨੂੰ ਪੰਜਾਬ ਕਾਰਨੀਵਾਲ ਦਾ ਤੋਹਫ਼ਾ ਦਿੱਤਾ ਸੀ ਉੱਥੇ ਹੀ ਹੁਣ ਮਾਘੀ ਦੇ ਦਿਨ ਮਾਘੀ ਮੇਲੇ ਦੀ ਸ਼ੁਰੂਆਤ ਕਰ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਾਲ ਪਟਿਆਲੇ 'ਚ ਹਰ ਮਹੀਨੇ ਸਰਕਾਰ ਵੱਲੋਂ ਸਭਿਆਚਾਰਕ ਅਤੇ ਸਾਹਿਤਕ ਮੇਲੇ ਲਾਏ ਜਾਣਗੇ।

ਫ਼ਿਲਹਾਲ ਸ਼ਹਿਰ ਵਾਸੀ 28 ਜਨਵਰੀ ਤੱਕ ਮਾਘੀ ਮੇਲੇ ਦਾ ਅਨੰਦ ਮਾਣ ਸਕਦੇ ਹਨ। ਇਸ ਮੇਲੇ ਵਿੱਚ ਬੱਚਿਆਂ ਲਈ ਵੱਖ-ਵੱਖ ਝੂਲਿਆਂ ਦੇ ਨਾਲ-ਨਾਲ ਖਾਣ ਪੀਣ ਦੀਆਂ ਵਸਤਾਂ ਅਤੇ ਪੰਜਾਬ ਦੇ ਸਭਿਆਚਾਰਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਹੈ। ਮੇਲੇ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਡਾਂਸ ਪ੍ਰਤੀਯੋਗਤਾ ਨੂੰ ਵੀ ਆਯੋਜਿਤ ਕੀਤਾ ਗਿਆ ਹੈ। ਜਿਸ 'ਚ ਸ਼ਹਿਰ ਦੇ ਬੱਚੇ ਅਤੇ ਨੌਜਵਾਨ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ।