ਨਸ਼ੇੜੀਆਂ ਦੀ ਬਜਾਏ ਵੱਡੇ ਤਸਕਰਾਂ ਨੂੰ ਫੜੇ ਪੁਲਿਸ : ਰਮੇਸ਼ ਕਾਲਿਆ

Last Updated: Jan 14 2018 19:50

ਇਲਾਕੇ ਦੀ ਨੌਜਵਾਨ ਪੀੜੀ ਨਸ਼ੇ ਦੀ ਚਪੇਟ ਵਿੱਚ ਆ ਰਹੀ ਹੈ। ਇਲਾਕੇ ਦੇ ਡਮਟਾਲ, ਛੰਨੀ, ਭਦਰੋਆ, ਢਾਂਗੂ, ਮੋਹਟਲੀ ਰੈਂਪ, ਮਿਲਵਾਂ ਆਦਿ ਪਿੰਡਾਂ ਵਿੱਚ ਕੁਝ ਲੋਕ ਸਰੇਆਮ ਬੇਖ਼ੌਫ ਹੋਕੇ ਚਿੱਟੇ ਦਾ ਕਾਰੋਬਾਰ ਕਰ ਰਹੇ ਹਨ। ਉਹ ਖੁਦ ਤਾਂ ਇਹ ਕਾਰੋਬਾਰ ਕਰਕੇ ਰਾਤੋਂ-ਰਾਤ ਅਮੀਰ ਬਣ ਰਹੇ ਹਨ, ਪਰ ਨੌਜਵਾਨਾਂ ਨੂੰ ਇਸ ਦੀ ਚਪੇਟ ਵਿੱਚ ਲੈ ਕੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰ ਰਹੇ ਹਨ, ਪਰ ਪ੍ਰਸ਼ਾਸਨ ਨੂੰ ਇਹ ਸਭ ਕਾਰੋਬਾਰ ਹੁੰਦਾ ਨਜਰ ਹੀ ਨਹੀਂ ਆ ਰਿਹਾ। ਉਕਤ ਵਿਚਾਰ ਸ਼ਿਵ ਸੈਨਾ ਹਿੰਦ ਬਾਲ ਠਾਕਰੇ ਦੇ ਰਾਸ਼ਟਰੀ ਉਪ ਪ੍ਰਧਾਨ ਰਮੇਸ਼ ਕਾਲਿਆ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਲੱਗਦੇ ਖੇਤਰ ਦੇ ਦੌਰੇ ਉਪਰ ਹਨ। ਸਭ ਤੋਂ ਜਿਆਦਾ ਦੁਖਦਾਈ ਗੱਲ ਇਹ ਹੈ ਕਿ ਅਸੀਂ ਜਿਸ ਵੀ ਪਿੰਡ ਵਿੱਚ ਜਾ ਰਹੇ ਹਾਂ ਓਥੋਂ ਦੇ ਲੋਕ ਇਹੋ ਕਹਿੰਦੇ ਹਨ ਕਿ ਖੇਤਰ ਨੂੰ ਨਸ਼ੇ ਤੋਂ ਬਚਾਓ, ਕਿਉਂਕਿ ਨਸ਼ੇ ਦੇ ਕਾਰੋਬਾਰੀਆਂ ਨੇ ਸਾਡੇ ਬੱਚਿਆਂ ਨੂੰ ਨਸ਼ੇ ਦੀ ਲਤ ਲਗਾ ਦਿੱਤੀ ਹੈ।

ਕਾਲਿਆ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਹਰ ਹਫ਼ਤੇ ਕਈ ਨੌਜਵਾਨਾਂ ਦੀ ਮੌਤ ਚਿੱਟੇ ਦੇ ਕਾਰਨ ਹੋ ਰਹੀ ਹੈ ਅਤੇ ਰੋਜਾਨਾ ਪੰਜਾਬ ਤੋਂ ਨੌਜਵਾਨ ਹਿਮਾਚਲ ਦੇ ਇਨ੍ਹਾਂ ਪਿੰਡਾ ਵਿੱਚ ਨਸ਼ੇ ਦੀ ਖ਼ਰੀਦ ਕਰਨ ਆ ਰਹੇ ਹਨ। ਹਾਲਾਤ ਇਹ ਹੋ ਗਏ ਹਨ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਹੁਣ ਰਾਹਗੀਰ ਔਰਤਾਂ ਦੇ ਪਰਸ ਅਤੇ ਕੰਨਾਂ ਦੀਆਂ ਬਾਲਿਆਂ ਤੱਕ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿੱਟੇ ਦਾ ਸਰੇਆਮ ਕਾਰੋਬਾਰ ਕਰਨ ਵਾਲੀ ਵੱਡੀ ਮਛਲੀਆਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੁਲਿਸ ਸਿਰਫ਼ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਫੜ ਕੇ ਖਾਨਾਪੂਰਤੀ ਕਰਕੇ ਵਾਹਵਾਹੀ ਲੁੱਟ ਰਹੀ ਹੈ। ਪੁਲਿਸ ਪ੍ਰਸ਼ਾਸਨ ਇਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਏ। ਉਨ੍ਹਾਂ ਨੇ ਪ੍ਰਦੇਸ਼ ਸਰਕਾਰ ਤੋਂ ਵੀ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰੀਆਂ ਦੇ ਫੜੇ ਜਾਣ ਉਪਰ ਉਨ੍ਹਾਂ ਦੇ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ।