ਕੌਂਸਲ ਅਤੇ ਪਰਿਸ਼ਦਾਂ ਦੀ ਆਰਥਿਕ ਸਥਿਤੀ ਹੋਵੇ ਮਜਬੂਤ, ਦਿੱਤੀ ਗਈ 10 ਫੀਸਦੀ ਛੂਟ

Last Updated: Jan 14 2018 19:42

ਪੰਜਾਬ ਦੀਆਂ ਨਗਰ ਕੌਂਸਲ ਅਤੇ ਪਰਿਸ਼ਦਾਂ ਦੀਆਂ ਆਰਥਿਕ ਸਥਿਤੀ 'ਚ ਸੁਧਾਰ ਲਿਆਉਣ ਲਈ ਕੱਪੜੇ ਜਾਂ ਹੋਰਾਂ ਚੀਜਾਂ ਦੇ ਰੇਟ 'ਤੇ ਮਿਲਣ ਵਾਲੀ ਛੂਟ ਵਾਂਗ ਹੁਣ ਪ੍ਰਾਪਟੀ ਅਤੇ ਹਾਉਸ ਟੈਕਸ ਵਿੱਚ 10 ਫੀਸਦੀ ਦੀ ਛੂਟ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ। ਸੂਬੇ ਦੀਆਂ ਨਗਰ ਕੌਂਸਲ ਅਤੇ ਪਰਿਸ਼ਦਾਂ ਨੂੰ ਆਰਥਿਕ ਪੱਖੋਂ ਮਜਬੂਤੀ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਾਉਸ ਟੈਕਸ ਅਤੇ ਪ੍ਰਾਪਟੀ ਟੈਕਸ ਅਦਾ ਕਰਣ ਵਾਲੇ ਲੋਕਾਂ ਨੂੰ 10 ਫ਼ੀਸਦੀ ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਛੂਟ 15 ਮਾਰਚ ਤੱਕ ਜਾਰੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਨਗਰ ਕੌਂਸਲ ਅਬੋਹਰ ਦੇ ਕਾਰਜਕਾਰੀ ਅਧਿਕਾਰੀ ਵਿਜੈ ਜਿੰਦਲ ਨੇ ਦੱਸਿਆ ਕਿ ਬੇਸ਼ਕ ਇਸ ਛੂਟ ਨੂੰ ਲੈਕੇ ਲੋਕਾਂ 'ਚ ਉਤਸਾਹ ਹੈ ਪਰ ਇਸਦੇ ਬਾਵਜੂਦ ਮਿੱਥੇ ਗਏ ਟੀਚੇ ਦਾ ਕਰੀਬ 50 ਫ਼ੀਸਦੀ ਰਿਕਵਰੀ ਦਾ ਕੰਮ ਪੂਰਾ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਸਾਲ 2017-18 ਵਿੱਚ ਨਗਰ ਕੌਂਸਲ ਵੱਲੋਂ ਸ਼ਹਿਰ ਚੋਂ ਟੈਕਸ ਦੇ ਰੂਪ ਵਿੱਚ 2 ਕਰੋੜ 60 ਲੱਖ ਰੁਪਏ ਵਸੂਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਪਰ ਨਗਰ ਕੌਂਸਲ ਨੂੰ ਹੁਣ ਤੱਕ ਸਿਰਫ ਕਰੀਬ 1 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਕਰੀਬ ਦੋ ਮਹੀਨੇ ਬਾਕੀ ਹੈ, ਜਿਸ ਵਿੱਚ ਬਾਕੀ ਦੀ ਰਕਮ ਦਾ ਵੱਡਾ ਹਿੱਸਾ ਕੌਂਸਲ ਦੇ ਖਜਾਨੇ 'ਚ ਜਮਾਨ ਹੋਣ ਦੀ ਉਮੀਦ ਹੈ। ਕਾਰਜਕਾਰੀ ਅਧਿਕਾਰੀ ਅਨੁਸਾਰ ਆਉਣ ਵਾਲੇ ਮਹੀਨਿਆਂ ‘ਚ ਕਰੀਬ 60 ਲੱਖ ਰੁਪਏ ਆਉਣ ਦਾ ਅਨੁਮਾਨ ਹੈ। ਸਾਲ 2016-17 ‘ਚ ਇਹ ਟੀਚਾ 1 ਕਰੋੜ 20 ਲੱਖ ਰੁਪਏ ਦਾ ਰੱਖਿਆ ਸੀ, ਜੋ ਇਸ ਸਾਲ ਦੋਗੁਣੇ ਤੋਂ ਵੀ ਵੱਧ ਰੱਖਿਆ ਹੈ।