ਗੁੰਮ ਹੋਏ ਬੱਚੇ ਨੂੰ ਲੱਭਕੇ ਮਾਪਿਆਂ ਨੂੰ ਸੌਂਪਿਆ

Last Updated: Jan 14 2018 19:50

ਘਰ ਤੋਂ ਲੋਹੜੀ ਮੰਗਣ ਨਿਕਲਿਆ ਸੱਤ ਸਾਲਾਂ ਦਾ ਬੱਚਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਲੀਪ ਸਿੰਘ ਨਗਰ ਇਲਾਕੇ ਚੋਂ ਗੁੰਮ ਹੋ ਗਿਆ ਸੀ, ਜਿਸਨੂੰ ਆਰਪੀਐਫ ਨੇ ਲੱਭ ਕੇ ਸਹੀ ਸਲਾਮਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚਾ ਮਿਲ ਜਾਣ 'ਤੇ ਉਸਦੇ ਮਾਤਾ-ਪਿਤਾ ਨੇ ਸੁੱਖ ਦਾ ਸਾਂਹ ਲਿਆ ਅਤੇ ਆਰ.ਪੀ.ਐਫ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ) ਚੌਂਕੀ ਖੰਨਾ ਦੇ ਇੰਚਾਰਜ ਸਬ ਇੰਸਪੈਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਸਥਾਨਕ ਦਲੀਪ ਸਿੰਘ ਇਲਾਕੇ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੁਖਨ ਪਾਸਵਾਨ ਨੇ ਐਤਵਾਰ ਸਵੇਰੇ ਆਰਪੀਐਫ ਕੋਲ ਸ਼ਿਕਾਇਤ ਕੀਤੀ ਸੀ ਕਿ ਬੀਤੇ ਦਿਨੀਂ ਉਸਦਾ ਕਰੀਬ ਸਾਲ ਦਾ ਮੁੰਡਾ ਮਨੀਸ਼ ਕੁਮਾਰ ਆਪਣੇ ਘਰ ਤੋਂ ਇਲਾਕੇ 'ਚ ਲੋਹੜੀ ਮੰਗਣ ਗਿਆ ਸੀ। ਪਰ ਦੇਰ ਸ਼ਾਮ ਤੱਕ ਵਾਪਸ ਘਰ ਨਾ ਆਉਣ ਦੇ ਬਾਅਦ ਉਨ੍ਹਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ। ਪਰ ਬੱਚੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ। ਇਸਦੇ ਬਾਅਦ ਅੱਜ ਸਵੇਰੇ ਬੱਚੇ ਦੇ ਪਿਤਾ ਨੇ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੇ ਗੁੰਮ ਹੋ ਜਾਣ ਦੀ ਸੂਚਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਗੁੰਮ ਹੋਏ ਬੱਚੇ ਦੀ ਫੋਟੋ ਸ਼ੋਸ਼ਲ ਮੀਡੀਆ 'ਚ ਵਟਸਐਪ ਅਤੇ ਫੇਸਬੁੱਕ 'ਤੇ ਪਾ ਕੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇਸਦੇ ਬਾਅਦ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਰਾਹਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਲਾਵਾਰਸ ਹਾਲਤ 'ਚ ਘੁੰਮਦੇ ਬੱਚੇ ਨੂੰ ਪੁਲਿਸ ਥਾਣਾ ਦੋਰਾਹਾ 'ਚ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕੀਤਾ ਸੀ। ਆਰਪੀਐਫ ਇੰਚਾਰਜ਼ ਨੇ ਅੱਗੇ ਦੱਸਿਆ ਕਿ ਗੁੰਮ ਹੋਏ ਬੱਚੇ ਮਨੀਸ਼ ਕੁਮਾਰ ਨੇ ਪੁੱਛਗਿਛ 'ਚ ਦੱਸਿਆ ਕਿ ਉਹ ਲੋਹੜੀ ਮੰਗਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਤੋਂ ਟਰੇਨ 'ਚ ਸਵਾਰ ਹੋ ਕੇ ਦੋਰਾਹਾ ਰੇਲਵੇ ਸਟੇਸ਼ਨ 'ਤੇ ਪਹੁੰਚ ਗਿਆ ਸੀ, ਜਿੱਥੇ ਪਹੁੰਚਕੇ ਉਹ ਰਸਤਾ ਭਟਕ ਗਿਆ ਸੀ ਅਤੇ ਬਾਫ਼ 'ਚ ਇੱਕ ਵਿਅਕਤੀ ਨੇ ਉਸਨੂੰ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਬਾਅਦ 'ਚ ਬੱਚੇ ਨੁੰ ਖੰਨਾ ਲਿਆਕੇ ਸਹੀ ਸਲਾਮਤ ਹਾਲਤ 'ਚ ਉਸਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਜਿਸਦੇ ਬਾਅਦ ਮਾਪਿਆਂ ਨੇ ਆਰਪੀਐਫ ਅਧਿਕਾਰੀ ਅਤੇ ਰੇਲਵੇ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਦੇ ਚੱਲਦੇ ਹੀ ਉਨ੍ਹਾਂ ਨੂੰ ਬੱਚਾ ਮਿਲ ਗਿਆ ਹੈ।