ਮਾਘੀ ਮੇਲਾ ਕਾਨਫ਼ਰੰਸ ਸਟੇਜ ਤੋਂ ਹੋਏ ਵਿਰੋਧੀਆਂ ਤੇ ਤਿੱਖੇ ਹਮਲੇ

Maninder Arora
Last Updated: Jan 14 2018 19:42

ਕਾਂਗਰਸ ਪਾਰਟੀ ਨੇ ਆਪਣੇ 10 ਮਹੀਨੇ ਦੇ ਕਾਰਜਕਾਲ ਵਿੱਚ ਹੀ ਸਾਰੇ ਵਿਕਾਸ ਕਾਰਜ ਅਤੇ ਸਕੀਮਾਂ ਨੂੰ ਖਤਮ ਕਰ ਦਿੱਤਾ ਹੈ, ਹੁਣ ਆਉਣ ਵਾਲੀਆਂ ਵੋਟਾਂ ਵਿੱਚ ਅਸੀਂ ਕਾਂਗਰਸ ਹੀ ਖਤਮ ਕਰ ਦੇਣੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮਾਘੀ ਜੋੜ ਮੇਲੇ ਦੀ ਕਾਨਫ਼ਰੰਸ ਦੌਰਾਨ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਨੇ 10 ਮਹੀਨੇ ਵਿੱਚ ਕੋਈ ਕੰਮ ਸ਼ੁਰੂ ਤਾਂ ਨਹੀਂ ਕੀਤਾ ਬਲਕਿ ਅਕਾਲੀ-ਭਾਜਪਾ ਵੇਲੇ ਤੋਂ ਚੱਲੇ ਆ ਰਹੇ ਸਭ ਕੰਮ ਵੀ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ, ਮਨਪ੍ਰੀਤ ਅਤੇ ਸਿੱਧੂ ਨੇ ਝੂਠੇ ਵਾਅਦੇ ਕਰ ਲੋਕਾਂ ਨੂੰ ਭਰਮਾਂ ਲਿਆ ਅਤੇ ਹੁਣ ਸੱਤਾ ਹਾਸਲ ਕਰ ਲੋਕਾਂ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਵੱਲੋਂ ਇਸ ਸਭ ਦਾ ਹਿਸਾਬ ਕਰ ਸਾਰੀਆਂ 13 ਸੀਟਾਂ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਪਾਈਆਂ ਜਾਣਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਟੋਪੀਆਂ ਵਾਲੀ ਪਾਰਟੀ ਤਾਂ ਬੱਸ ਖ਼ਤਮ ਹੋ ਗਈ ਜਾਪਦੀ ਹੈ।

ਇਸ ਮੌਕੇ ਬੋਲਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜੋ ਵਿਕਾਸ ਕਾਰਜ ਕੀਤੇ ਗਏ ਹਨ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੀ ਕਾਰਗੁਜਾਰੀ ਬਿਲਕੁਲ ਵੀ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ 'ਤੇ ਅੱਜ ਲੋਕਾਂ ਦੇ ਇਸ ਇਕੱਠ ਨੇ ਦਿਖਾ ਦਿੱਤਾ ਹੈ ਕਿ ਵੋਟਰ ਫਿਰ ਤੋਂ ਅਕਾਲੀ-ਭਾਜਪਾ ਨੂੰ ਸੱਤਾ ਦੇਣ ਲਈ ਚਾਹਵਾਨ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਹੁਤ ਲੰਬਾ ਭਾਸ਼ਣ ਦਿੰਦੇ ਹੋਏ ਕਾਂਗਰਸ 'ਤੇ ਕਈ ਤਿੱਖੇ ਵਾਰ ਕੀਤੇ ਅਤੇ ਉਨ੍ਹਾਂ ਦੇ ਮੁੱਖ ਨਿਸ਼ਾਨੇ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਸਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਅਤੇ ਸਿੱਧੂ ਨੇ ਲੋਕਾਂ ਨੂੰ ਬੰਟੀ-ਬਬਲੀ ਬਣ ਠੱਗਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਸਿਖਲਾਈ ਦਿੰਦਾ ਹੈ। ਮਜੀਠੀਆ ਨੇ ਵਿਅੰਗ ਕਰਦੇ ਕਿਹਾ ਕਿ ਕਾਂਗਰਸੀਆਂ ਨੇ ਅਫਵਾਹ ਫੈਲਾਈ ਸੀ ਕਿ ਕੈਪਟਨ ਅੱਜ ਸਵੇਰੇ ਮੁਕਤਸਰ ਸਾਹਿਬ ਮੱਥਾ ਟੇਕਣ ਆਉਣਗੇ ਪਰ ਲੱਗਦਾ ਅੱਜ ਜਹਾਜ ਦਾ ਤੇਲ ਮੁੱਕ ਗਿਆ ਹੋਣਾ। ਉਨ੍ਹਾਂ ਕਿਹਾ ਕਿ ਕਾਂਗਰਸ ਖਜਾਨਾ ਖਾਲੀ ਹੋਣ ਦਾ ਰੌਲਾ ਪਾਉਂਦੀ ਰਹਿੰਦੀ ਹੈ ਪਰ ਅਸਲੀਅਤ ਵਿੱਚ ਇਹਨਾਂ ਦੀ ਨੀਤ ਖੋਟੀ ਹੈ।

ਇਸ ਮੌਕੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਰੋਜ਼ੀ ਬਰਕੰਦੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ ਗਈ। ਇਸ ਸਟੇਜ ਤੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਜੀਰਾ ਅਤੇ ਅਰੁਣ ਨਾਰੰਗ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਕਾਨਫ਼ਰੰਸ ਦੇ ਵਿੱਚ ਅਕਾਲੀ ਦਲ ਦੇ ਕਰੀਬ 40 ਹਜਾਰ ਵਰਕਰਾਂ ਦਾ ਵੱਡਾ ਇਕੱਠ ਹੋਇਆ ਸੀ।