ਆਤਮਹੱਤਿਆ ਕਰਨ ਵਾਲੇ ਕਿਸਾਨ ਦੇ ਘਰ ਅਫ਼ਸੋਸ ਕਰਨ ਪਹੁੰਚੇ ਮਜੀਠੀਆ

Last Updated: Jan 14 2018 19:36

ਕੁਝ ਦਿਨ ਪਹਿਲਾਂ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਵਾਲੇ ਨਜ਼ਦੀਕੀ ਪਿੰਡ ਚਾਹਿਲ ਦੇ ਕਿਸਾਨ ਦੇ ਘਰ ਅਫ਼ਸੋਸ ਕਰਨ ਲਈ ਪਿਛਲੀ ਅਕਾਲੀ-ਭਾਜਪਾ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਅਫ਼ਸੋਸ ਕਰਨ ਪਹੁੰਚੇ। ਉਨ੍ਹਾਂ ਨੇ ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕੀਤਾ ਅਤੇ ਮੌਜੂਦਾ ਸਰਕਾਰ ਨੂੰ ਕਿਸਾਨਾਂ ਦਾ ਹਮਦਰਦ ਨਾ ਹੋਣਾ ਦੱਸਿਆ। 

ਜਾਣਕਾਰੀ ਦੇ ਅਨੁਸਾਰ ਕੁਝ ਦਿਨ ਪਹਿਲਾਂ ਇੱਕ ਸੁਤੰਤਰਤਾ ਸੈਨਾਨੀ ਉੱਦਮ ਸਿੰਘ ਦੇ ਪੋਤਰੇ ਕਿਸਾਨ ਗੁਰਦੇਵ ਸਿੰਘ ਨੇ ਆਪਣੇ ਖੇਤ 'ਚ ਫਾਹਾ ਲੱਗਾ ਕੇ ਆਤਮ ਹੱਤਿਆ ਕਰ ਲਈ ਸੀ। ਇਹ ਕਿਸਾਨ 25 ਲੱਖ ਰੁਪਏ ਦਾ ਕਰਜ਼ਾਈ ਸੀ। ਵਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਅਫ਼ਸੋਸ ਕਰਦੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ਼ ਨਾ ਕੀਤਾ ਜਾਣਾ ਹੈ।

ਉਨ੍ਹਾਂ ਨੇ ਕਿਹਾ ਕਿ 99 ਹਜ਼ਾਰ ਕਰੋੜ ਰੁਪਏ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਦੀ ਥਾਂ ਅਜੇ ਤੱਕ ਸਰਕਾਰ ਨੇ ਸਿਰਫ਼ 800 ਕਰੋੜ ਰੁਪਏ ਦੇ ਕਿਸਾਨੀ ਕਰਜ਼ੇ ਦੀ ਮੁਆਫ਼ੀ ਦਾ ਸਿਰਫ਼ ਐਲਾਨ ਕੀਤਾ ਹੈ ਜੋ ਕਿ ਕੁਲ ਰਾਸ਼ੀ ਦਾ ਇੱਕ ਪ੍ਰਤੀਸ਼ਤ ਵੀ ਨਹੀਂ ਬਣਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਾਰਟੀ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨੀ ਕਰਜ਼ੇ ਮਾਫ਼ ਕਰੇ। 

ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ, ਬਲਜਿੰਦਰ ਸਿੰਘ ਸਰਪੰਚ, ਨਵਦੀਪ ਸਿੰਘ ਬਰਾੜ ਅਤੇ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ।