ਭੇਦਭਰੇ ਹਾਲਾਤ ਵਪਾਰੀ ਲਾਪਤਾ, ਮੋਬਾਈਲ ਫ਼ੋਨ ਤੇ ਐਕਟਿਵਾ ਭਾਖੜਾ ਕਿਨਾਰੇ ਨਹਿਰ ਤੋਂ ਬਰਾਮਦ

Last Updated: Jan 14 2018 19:27

ਨਵੀਂ ਅਨਾਜ ਮੰਡੀ 'ਚ ਜੀਰੀ ਦੀ ਫੱਕ ਦੀ ਟਰੇਡਿੰਗ ਦਾ ਕੰਮ ਕਰਨ ਵਾਲਾ ਇੱਕ ਵਪਾਰੀ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤ 'ਚ ਆਪਣੇ ਘਰ ਤੋਂ ਗਾਇਬ ਹੈ। ਲਾਪਤਾ ਹੋਏ ਵਪਾਰੀ ਦੀ ਮਾਂ ਕਮਲੇਸ਼ ਰਾਣੀ ਵਾਸੀ ਨਵੀਂ ਆਬਾਦੀ, ਖੰਨਾ ਨੇ ਆਪਣੇ ਲੜਕੇ ਦੇ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਪੁਲਿਸ ਕੋਲ ਸਿਕਾਇਤ ਦਰਜ ਕਰਵਾਈ ਹੈ। ਲਾਪਤਾ ਹੋਏ ਵਪਾਰੀ ਦਾ ਐਕਟਿਵਾ ਅਤੇ ਮੋਬਾਈਲ ਫ਼ੋਨ ਖੰਨਾ ਪੁਲਿਸ ਨੂੰ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਭਾਖੜਾ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਏ ਹਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਸ ਨੇ ਕਿਸੇ ਪਰੇਸ਼ਾਨੀ ਕਾਰਨ ਨਹਿਰ 'ਚ ਛਾਲ ਮਾਰ ਕੇ ਖੁਦਕਸ਼ੀ ਕੀਤੀ ਹੈ ਜਾਂ ਨਹੀਂ। ਪੁਲਿਸ ਅਤੇ ਵਪਾਰੀ ਦੇ ਪਰਿਵਾਰਕ ਮੈਂਬਰ ਉਸਦੀ ਨਹਿਰ 'ਚ ਤਲਾਸ਼ ਕਰ ਰਹੇ ਹਨ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਿਕਾਇਤਕਰਤਾ ਕਮਲੇਸ਼ ਰਾਣੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਲੜਕਾ ਚੰਚਲ ਕੁਮਾਰ ਧਵਨ (35) ਸਥਾਨਕ ਅਨਾਜ ਮੰਡੀ 'ਚ ਜੀਰੀ ਦੀ ਫੱਕ ਖਰੀਦਣ-ਵੇਚਣ ਦਾ ਕੰਮ ਕਰਦਾ ਹੈ। 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ ਰੋਜਾਨਾ ਦੀ ਤਰ੍ਹਾਂ ਉਹ ਆਪਣੇ ਕੰਮ 'ਤੇ ਗਿਆ ਸੀ ਅਤੇ ਦੁਪਹਿਰ ਕਰੀਬ 1 ਵਜੇ ਘਰ ਆਇਆ ਤੇ ਉਸ ਪਾਸੋਂ 20 ਹਜ਼ਾਰ ਰੁਪਏ ਇਹ ਕਹਿ ਕੇ ਲੈ ਗਿਆ ਕਿ ਉਸਨੇ ਕਿਸੇ ਵਿਅਕਤੀ ਦੀ ਪੇਮੈਂਟ ਕਰਨੀ ਹੈ। ਇਸਦੇ ਬਾਅਦ ਉਹ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕੀਤੀ। ਪਰ ਉਨ੍ਹਾਂ ਨੂੰ ਚੰਚਲ ਕੁਮਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਇਸਦੇ ਬਾਅਦ ਉਨ੍ਹਾਂ ਨੇ ਅਗਲੇ ਦਿਨ ਥਾਣਾ ਸਿਟੀ 'ਚ ਚੰਚਲ ਕੁਮਾਰ ਦੇ ਭੇਰਭਰੇ ਹਾਲਾਤ 'ਚ ਗਾਇਬ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ। ਇਸਦੇ ਬਾਅਦ ਪੁਲਿਸ ਨੂੰ ਸਰਹਿੰਦ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਭਾਖੜਾ ਨਹਿਰ ਕਿਨਾਰੇ ਤੋਂ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ, ਜਿਸਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸਦੀ ਮਾਂ ਕਮਲੇਸ਼ ਰਾਣੀ ਨੂੰ ਨਾਲ ਲਿਜਾ ਕੇ ਮੌਕੇ 'ਤੇ ਐਕਟਿਵਾ ਅਤੇ ਮੋਬਾਈਲ ਫ਼ੋਨ ਦਿਖਾਇਆ ਤੇ ਮਹਿਲਾ ਨੇ ਦੋਨੋਂ ਚੀਜ਼ਾਂ ਆਪਣੇ ਲੜਕੇ ਦੀਆਂ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਚੰਚਲ ਕੁਮਾਰ ਨੇ ਨਹਿਰ 'ਚ ਛਾਲ ਮਾਰ ਕੇ ਖੁਦਕਸ਼ੀ ਕੀਤੀ ਹੈ ਜਾਂ ਕੋਈ ਹੋਰ ਮਾਮਲਾ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਵੱਖ-ਵੱਖ ਥਿਊਰੀਆਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।