ਟਰੈਕਟਰ ਚਾਲਕ ਦੀ ਲਾਪਰਵਾਹੀ ਕਰਕੇ ਗਈ ਇੱਕ ਵਿਅਕਤੀ ਦੀ ਜਾਨ

Last Updated: Jan 14 2018 18:07

ਫ਼ੋਨ ਕਰਕੇ ਵਾਪਰੀਆਂ ਕਈ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਪਰ ਫਿਰ ਵੀ ਲੋਕ ਅਜਿਹੀ ਗਲਤੀ ਕਰਦੇ ਹਨ। ਫ਼ੋਨ ਕਰਕੇ ਹੀ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਸ਼ਾਮ ਪਿੰਡ ਖੁਈਆਂ ਸਰਵਰ ਦੇ ਨਜ਼ਦੀਕ ਇੱਕ ਪਿਕਅਪ ਦੀ ਟੱਕਰ ਟਰੈਕਟਰ ਨਾਲ ਹੋ ਗਈ ਤੇ ਟਰੈਕਟਰ 'ਤੇ ਸਵਾਰ ਵਿਅਕਤੀ ਟਰੈਕਟਰ ਤੋਂ ਥੱਲੇ ਆ ਡਿੱਗਿਆ ਜਿਸ ਕਰਕੇ ਉਹ ਗੰਭੀਰ ਰੂਪ 'ਚ ਫੱਟੜ ਹੋ ਗਿਆ। ਲੋਕਾਂ ਨੇ ਉਸ ਨੂੰ ਸ਼੍ਰੀ ਗੰਗਾਨਗਰ ਦੇ ਹਸਪਤਾਲ ਭੇਜਿਆਂ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਸੂਚਿਤ ਕੀਤਾ ਗਿਆ ਜੋ ਕਾਰਵਾਈ ਕਰ ਰਹੀ ਹੈ। 

ਪੁਲਿਸ ਦੇ ਅਨੁਸਾਰ ਕਰੀਬ 27 ਸਾਲ ਦਾ ਅਰੁਣ ਕੁਮਾਰ ਆਪਣੇ ਇੱਕ ਰਿਸ਼ਤੇਦਾਰ ਮਹਾਵੀਰ ਦੇ ਨਾਲ ਟਰੈਕਟਰ 'ਤੇ ਪਿੰਡ ਖੁਈਆਂ ਸਰਵਰ ਵੱਲੋਂ ਵਾਪਸ ਆਪਣੇ ਪਿੰਡ ਹਰੀਪੁਰਾ ਜਾ ਰਿਹਾ ਸੀ ਕਿ ਪਿੰਡ ਦੇ ਨਜ਼ਦੀਕ ਜਦੋਂ ਮਹਾਵੀਰ ਵੱਲੋਂ ਅੱਗੇ ਜਾ ਰਹੇ ਇੱਕ ਟਰਾਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਟਰੈਕਟਰ ਚਲਾ ਰਹੇ ਮਹਾਵੀਰ ਦਾ ਮੋਬਾਈਲ ਫ਼ੋਨ ਵੱਜਣ ਲੱਗਾ। ਜਿਵੇਂ ਹੀ ਉਸ ਦਾ ਧਿਆਨ ਫ਼ੋਨ ਵੱਲ ਗਿਆ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਪਿਛੋਂ ਆ ਰਹੀ ਇੱਕ ਪਿਕਅਪ ਟਰੈਕਟਰ ਨਾਲ ਵੱਜ ਗਈ। ਟੱਕਰ ਹੁੰਦੇ ਹੀ ਟਰੈਕਟਰ 'ਤੇ ਬੈਠਾ ਅਰੁਣ ਕੁਮਾਰ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਦੇਰ ਰਾਤ ਅਰੁਣ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।