ਚਿੱਟੇ ਦਿਨ ਕਾਰ ਸਵਾਰ ਲੁਟੇਰਿਆਂ ਨੇ ਕੀਤੀ ਕਾਰ ਖੋਹਣ ਦੀ ਕੋਸ਼ਿਸ..!!!!

Last Updated: Jan 14 2018 18:00

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਲੁੱਟਾਂ-ਖੋਹਾਂ ਅਤੇ ਨਸ਼ੇ ਦਾ ਪੂਰਾ ਬੋਲਬਾਲਾ ਹੈ। ਆਏ ਦਿਨ ਹੀ ਲੁੱਟ-ਖੋਹ ਨਿਰੰਤਰ ਜਾਰੀ ਹੈ ਅਤੇ ਸ਼ਾਇਦ ਦੀ ਕੋਈ ਦਿਨ ਐਸਾ ਲੰਘਦਾ ਹੋਵੇ ਜਦੋਂ ਕਸਬੇ ਦੇ ਆਸਪਾਸ ਕੋਈ ਵਾਰਦਾਤ ਨਾ ਹੁੰਦੀ ਹੋਵੇ। ਤਾਜਾ ਵਾਰਦਾਤ ਭਾਰੀ ਆਵਾਜਾਈ ਵਾਲੀ ਕੌਮੀ ਜਰਨੈਲੀ ਸੜਕ ਨੰਬਰ 54 'ਤੇ ਆਪਣੀ ਕਾਰ ਰਾਹੀਂ ਅੰਮਮ੍ਰਿਤਸਰ ਤੋਂ ਫਰੀਦਕੋਟ ਜਾ ਰਹੇ ਪਰਿਵਾਰ ਨਾਲ ਵਾਪਰੀ। ਪੁਲਿਸ ਨੂੰ ਦਿੱਤੇ ਲਿਖਤੀ ਬਿਆਨਾਂ ਵਿੱਚ ਕਰਨ ਸੇਠੀ ਵਾਸੀ ਗੁਰੂ ਤੇਗ ਬਹਾਦਰ ਨਗਰ ਫਰੀਦਕੋਟ ਨੇ ਦੱਸਿਆ ਉਹ ਪਿੰਡ ਤਲਵੰਡੀ ਨਿਪਾਲਾਂ ਦੀ ਹੱਦ ਵਿੱਚ ਸੜਕ 'ਤੇ ਕਾਰ ਪੀਬੀ 23 ਟੀ 0254 ਖੜੀ ਕਰਕੇ ਬਾਥਰੂਮ ਕਰਨ ਲੱਗ ਗਿਆ।

ਕਰਨ ਸੇਠੀ ਨੇ ਦੱਸਿਆ ਕਿ ਜਦੋਂ ਉਹ ਬਾਥਰੂਮ ਕਰ ਰਿਹਾ ਸੀ ਤਾਂ ਇੰਨੇਂ ਨੂੰ ਇੱਕ ਚਿੱਟੇ ਰੰਗ ਦੀ ਵਰਨਾ ਕਾਰ 'ਤੇ ਆਏ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ 'ਤੇ ਕਾਰ ਵਿੱਚ ਬੈਠੀ ਉਸ ਦੀ ਮਾਤਾ ਅਤੇ ਭੈਣ ਨੂੰ ਡਰਾਕੇ ਕਾਰ ਦੀ ਚਾਬੀ ਮੰਗੀ। ਸੇਠੀ ਨੇ ਦੱਸਿਆ ਕਿ ਜਦੋਂ ਉਸ ਦੀ ਮਾਤਾ ਨੇ ਚਾਬੀ ਨਾ ਦਿੱਤੀ ਤਾਂ ਉਸ ਦਾ ਹੈਂਡ ਬੈਗ ਜਿਸ ਵਿੱਚ ਪੰਜ ਹਜ਼ਾਰ ਰੁਪਏ ਨਕਦੀ ਸੀ ਅਤੇ ਦੋ ਮਹਿੰਗੇ ਮੋਬਾਈਲ ਫੋਨ ਸੀ, ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਮੱਖੂ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਇੱਕ ਹਫਤੇ ਦੌਰਾਨ ਮੱਖੂ ਦੇ ਆਸ-ਪਾਸ ਵਾਪਰੀ ਇਹ ਸੱਤਵੀਂ-ਅੱਠਵੀਂ ਵਾਰਦਾਤ ਹੈ। ਇਸਤੋਂ ਪਹਿਲਾਂ ਵੱਡੀਆਂ ਵਾਰਦਾਤਾਂ 'ਚ ਦੋ ਕਿਸਾਨਾਂ ਕੋਲੋਂ ਤਿੰਨ ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਦੀ ਲੁੱਟ ਹੋਈ ਸੀ। ਇਸੇ ਕਸਬੇ ਵਿੱਚ ਹੀ ਮੋਬਾਈਲ ਰੀਚਾਰਜ ਕਰਵਾਉਣ ਆਏ ਇੱਕ ਵਿਅਕਤੀ ਨੇ ਸਰੇ ਬਜ਼ਾਰ ਇੱਕ ਵਿਅਕਤੀ ਤੋਂ ਅੱਠ ਹਜ਼ਾਰ ਰੁਪਏ ਖੋਹ ਲਏ ਸਨ। ਹਫਤਾ ਪਹਿਲੋਂ ਬਿਜਲੀ ਘਰ ਨੇੜੇ ਵੀ ਬਦਮਾਸ਼ਾਂ ਨੇ ਸ਼ਰੇਆਮ ਕਾਰ ਖੋਹ ਲਈ ਸੀ। ਇਸ ਮਾਮਲੇ ਸਬੰਧੀ ਜਦੋਂ ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਘਰ ਨੇੜਿਉਂ ਖੋਹੀ ਕਾਰ ਬਰਾਮਦ ਕਰ ਲਈ ਗਈ ਹੈ। ਤਾਜ਼ਾ ਵਾਰਦਾਤ ਸ਼ੱਕੀ ਲੱਗਦੀ ਹੈ, ਉਨ੍ਹਾਂ ਕਿਹਾ ਕਿ ਫਿਰ ਵੀ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।