ਭਗਵੇਂ ਰੰਗ ਦਾ 200 ਦਾ ਨੋਟ ਗੰਦੀ ਸਿਆਸਤ ਦਾ ਹਿੱਸਾ : ਸਿਮਰਨਜੀਤ ਮਾਨ

Last Updated: Jan 14 2018 17:58

ਮੋਦੀ ਸਰਕਾਰ ਨੇ ਆਰ.ਐਸ.ਐਸ. ਦੇ ਏਜੰਡੇ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਾਜ਼ਿਸ਼ਾਂ ਦੇ ਤਹਿਤ ਕਈ ਜਾਲ ਵਿਛਾਏ ਹਨ ਅਤੇ 200 ਦੇ ਨੋਟ ਨੂੰ ਭਗਵਾਂ ਰੰਗ ਦੇਣਾ ਵੀ ਇਸੇ ਦਾ ਇੱਕ ਹਿੱਸਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਮਾਘੀ ਮੇਲੇ ਦੀ ਕਾਨਫ਼ਰੰਸ ਦੌਰਾਨ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਵਿੱਚ ਇੱਕਜੁੱਟਤਾ ਦੀ ਕਮੀ ਹੈ ਅਤੇ ਇਸੇ ਦਾ ਫ਼ਾਇਦਾ ਵਿਰੋਧੀਆਂ ਵੱਲੋਂ ਚੁੱਕਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਸਾਰੇ ਹੀ ਪੰਥ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਿੱਖ ਪੰਥ ਨੂੰ ਠਿੱਬੀ ਲਾਉਣ ਦਾ ਯਤਨ ਕਰ ਰਹੀਆਂ ਹਨ ਅਤੇ ਸਿੱਖ ਕੌਮ ਫਿਰ ਵੀ ਇਹਨਾਂ ਨੂੰ ਵੋਟਾਂ ਦੇ ਕੇ ਸੱਤਾ ਦਾ ਅਨੰਦ ਮਾਨਣ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਮ 'ਤੇ ਵੋਟਾਂ ਹਾਸਲ ਕੀਤੀਆਂ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲ ਦਲ ਵੱਲੋਂ ਸਿੱਖ ਵਿਰੋਧੀ ਭਾਜਪਾ ਦਾ ਸਾਥ ਦੇ ਕੇ ਪੰਥ ਨਾਲ ਧੋਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਰੀਬ 80 ਫੀਸਦੀ ਅਬਾਦੀ ਹਿੰਦੂ ਹੈ ਅਤੇ ਇਸ ਅਬਾਦੀ ਦੀ ਇੱਕ ਖਾਸੀਅਤ ਹੈ ਕਿ ਇਹ ਕਦੇ ਵੀ ਆਪਣੇ ਧਰਮ ਦੇ ਵਿਰੁੱਧ ਨਹੀਂ ਜਾਂਦੇ ਹਨ ਅਤੇ ਹਮੇਸ਼ਾ ਹਿੰਦੂ ਉਮੀਦਵਾਰਾਂ ਨੂੰ ਹੀ ਵੋਟ ਦਿੰਦੇ ਹਨ। ਮਾਨ ਦੇ ਅਨੁਸਾਰ ਉਨ੍ਹਾਂ ਨੂੰ ਸਿੱਖਾਂ ਦੀ ਅਵਾਜ ਵੱਡੇ ਪੱਧਰ 'ਤੇ ਚੁੱਕਣ ਲਈ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਆਪਣੇ ਕੁਝ ਨੁਮਾਇੰਦੇ ਭੇਜਣੇ ਚਾਹੀਦੇ ਹਨ ਪਰ ਲੋਕਾਂ ਵੱਲੋਂ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਸਮੇਤ ਉਨ੍ਹਾਂ ਦੀ ਪਾਰਟੀ ਦੇ ਸਭ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਵੀ ਸਮਾਂ ਹੈ ਕਿ ਸਿੱਖ ਸੰਭਲ ਜਾਣ ਨਹੀਂ ਤਾਂ ਪੰਥ ਦਾ ਖਾਤਮਾ ਹੋ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹੋਰ ਆਗੂ ਹਾਜਰ ਸਨ, ਜਿਨ੍ਹਾਂ ਵੱਲੋਂ ਸਟੇਜ ਤੋਂ ਆਪਣੇ ਵਿਚਾਰ ਪੇਸ਼ ਹੋਏ।