ਕਿਸਾਨੀ ਮੰਗਾਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੀਤੀ ਮੀਟਿੰਗ

Last Updated: Jan 14 2018 17:45

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਪਿੰਡ ਮਹਿਮਾ ਦੇ ਗੁਰਦੁਆਰਾ ਸਾਹਿਬ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ 'ਚ ਹੋਈ। ਜਿਸ ਵਿੱਚ ਵੱਡੀ ਗਿਣਤੀ 'ਚ ਜਥੇਬੰਦੀ ਦੇ ਕਾਰਕੁੰਨ ਅਤੇ ਕਿਸਾਨ ਸ਼ਾਮਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਅਤੇ ਉਪ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਆਖਿਆ ਕਿ ਵੋਟਾਂ ਤੋਂ ਪਹਿਲੋਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਇੱਕ ਪਾਸੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਬੈਂਕਾਂ, ਆੜ੍ਹਤੀਏ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੀ ਜਾਨ ਦਾ ਖੋਅ ਬਣੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਗੁਰੂਹਰਸਹਾਏ ਦੀ ਪੀ.ਏ.ਡੀ.ਬੀ. ਬੈਂਕ ਦੇ ਮੈਨੇਜਰ ਬਲਜੀਤ ਸਿੰਘ ਵੱਲੋਂ ਕਰਜ਼ਾ ਨਾ ਭਰ ਸਕਣ ਕਾਰਨ ਦੋ ਕਿਸਾਨ ਜੰਗੀਰ ਸਿੰਘ ਚੱਕ ਮੇਘਾ ਰਾਏ ਅਤੇ ਵਜੀਰ ਸਿੰਘ ਚੱਕ ਸ਼ਿਕਾਰਗਾਹ ਨੂੰ ਜਬਰੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਜੋ ਸਰਕਾਰੀ ਫੈਸਲੇ ਦੀ ਵੀ ਉਲੰਘਣਾ ਸੀ। ਕਿਸਾਨਾਂ ਨੂੰ ਛੁਡਾਉਣ ਲਈ 27 ਦਸੰਬਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਡਕੌਦਾ ਅਤੇ ਕੁਲਹਿੰਦ ਕਿਸਾਨ ਸਭਾ ਵੱਲੋਂ ਬੈਂਕ ਸਾਹਮਣੇ ਧਰਨਾ ਲਗਾਕੇ ਕਿਸਾਨਾਂ ਨੂੰ ਛਡਵਾਇਆ ਸੀ। ਇਸਤੋਂ ਬਾਅਦ ਗੁਰੂਹਰਸਹਾਏ ਪੁਲਿਸ ਵੱਲੋਂ ਕਿਸਾਨ ਜਥੇਬੰਦੀ ਦੇ ਆਗੂ ਅਤੇ ਕਿਸਾਨਾਂ ਸਮੇਤ ਕਰੀਬ 30 ਬੰਦਿਆਂ 'ਤੇ ਪਰਚਾ ਦਰਜ ਕਰ ਦਿੱਤਾ, ਜੋ ਬੇਹੱਦ ਘਿਨਾਉਣਾ ਕਾਰਾ ਹੈ। 

ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਚਾ ਰੱਦ ਕੀਤਾ ਜਾਵੇ ਅਤੇ ਦੋਸ਼ੀ ਬੈਂਕ ਮੈਨੇਜਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ। ਉਨ੍ਹਾਂ ਇਸ ਗੱਲ ਦਾ ਐਲਾਣ ਕੀਤਾ ਕਿ ਜੇਕਰ ਅਗਲੇ ਦਿਨਾਂ ਵਿੱਚ ਵੀ ਕੋਈ ਬੈਂਕ ਅਧਿਕਾਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਕਿਸਾਨ ਜਥੇਬੰਦੀਆਂ ਦੋਸ਼ੀ ਅਧਿਕਾਰੀਆਂ ਨੂੰ ਪਿੰਡਾਂ, ਸ਼ਹਿਰਾਂ ਵਿਚ ਘੇਰਨਗੀਆਂ। ਇਸ ਮਾਮਲੇ ਸਬੰਧੀ ਜਦੋਂ ਪੀ.ਏ.ਡੀ.ਬੀ. ਬੈਂਕ ਦੇ ਮੈਨੇਜਰ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਜੀਰ ਸਿੰਘ ਅਤੇ ਜਗੀਰ ਸਿੰਘ ਨੇ ਬੈਂਕ ਤੋਂ ਲੋਨ ਲਿਆ ਸੀ, ਜੋ ਇਨ੍ਹਾਂ ਨੇ ਸੱਤ ਸਾਲਾਂ ਵਿੱਚ ਸਮੇਤ ਵਿਆਜ ਵਾਪਸ ਕਰਨਾ ਸੀ, ਜੋ ਨਹੀਂ ਮੋੜਿਆ, ਜਿਸ ਕਾਰਨ ਬੈਂਕ ਵੱਲੋਂ ਉਕਤ ਦੋਵੇਂ ਵਿਅਕਤੀਆਂ ਨੂੰ ਡਿਫਾਲਟਰ ਕਰਕੇ 22 ਦਸੰਬਰ 2017 ਤੋਂ 28 ਦਸੰਬਰ 2017 ਤੱਕ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਕਾਨੂੰਨ ਦੇ ਮੁਤਾਬਿਕ ਹੀ ਕਾਰਵਾਈ ਕੀਤੀ ਹੈ।