ਟੁੱਟੀ ਹੋਈ ਰੇਲਿੰਗ ਨੂੰ ਲੈ ਕੇ ਪ੍ਰਸ਼ਾਸਨ ਤੇ ਹਾਈਵੇ ਅਥਾਰਿਟੀ ਦੀ ਨਹੀਂ ਖੁੱਲ੍ਹ ਰਹੀ ਨੀਂਦ

Last Updated: Jan 14 2018 17:46

ਨੈਸ਼ਨਲ ਹਾਈਵੇ ਤੇ ਸਥਿਤ ਕੋਟਲੀ ਮੁਗਲਾਂ ਯੂ.ਬੀ.ਡੀ.ਸੀ ਨਹਿਰ ਉਪਰ ਬਣੇ ਸਰਵਿਸ ਲਾਇਨ ਦੇ ਨੇੜੇ ਪੁਲ ਦੀ ਰੇਲਿੰਗ ਟੁੱਟਣ ਨਾਲ ਕਿਸੇ ਵੀ ਸਮੇਂ ਕੋਈ ਵੀ ਗੰਭੀਰ ਹਾਦਸਾ ਹੋ ਸਕਦਾ ਹੈ, ਪਰ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਤਿਆਗਣ ਨੂੰ ਤਿਆਰ ਨਹੀਂ ਹੈ, ਜਿਸ ਨੂੰ ਲੈ ਕੇ ਰਾਹਗੀਰਾਂ ਤੇ ਇਲਾਕਾ ਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਹੈ। ਇਸ ਸਬੰਧੀ ਰਿੰਕੂ ਸ਼ਰਮਾ ਨੇ ਦੱਸਿਆ ਕਿ ਯੂ.ਬੀ.ਡੀ.ਸੀ ਨਹਿਰ ਦੀ ਰੇਲਿੰਗ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਪਈ ਹੈ ਜਿਸ ਨੂੰ ਲੈ ਕੇ ਕਈ ਵਾਰ ਸਥਾਨਕ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਕੋਮਲ ਸਿੰਘ ਨੇ ਦੱਸਿਆ ਕਿ ਪੁਲ ਦੇ ਬਿਲਕੁਲ ਨੇੜੇ ਹੀ ਅਮਨ ਭਲਾ ਫਾਊਂਡੇਸ਼ਨ ਗਰੁੱਪ ਆਫ਼ ਕਾਲਜ ਤੇ ਨਿੱਜੀ ਹਸਪਤਾਲ ਦੇ ਨਾਲ-ਨਾਲ ਨੇਚਰ ਇੰਟਰਨੈਸ਼ਨਲ ਸਕੂਲ ਵੀ ਪੈਂਦਾ ਹੈ ਜਿਸ ਨਾਲ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਹੋ ਸਕਦੀ ਹੈ ਕਿਉਂਕਿ ਇੱਥੋਂ ਦੀ ਸਕੂਲੀ ਵਾਹਨਾਂ ਦੇ ਨਾਲ-ਨਾਲ ਐਂਬੂਲੈਂਸ ਵੀ ਇਸ ਪੁਲ ਤੋਂ ਹੋ ਕੇ ਗੁਜਰਦੀ ਹੈ। ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਧੁੰਦ ਦੇ ਸਮੇਂ ਰੌਸ਼ਨੀ ਘੱਟ ਹੋ ਜਾਂਦੀ ਹੈ ਅਤੇ ਰੌਸ਼ਨੀ ਦੀ ਵਿਵਸਥਾ ਵੀ ਨਾ ਹੋਣ ਦੇ ਕਾਰਨ ਲੋਕ ਕਿਸੇ ਵੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

ਹਲਕਾ ਭੋਆ ਵਿਕਾਸ ਮੰਚ ਦੇ ਪ੍ਰਧਾਨ ਵਿਜੇ ਕਟਾਰੂਚੱਕ ਨੇ ਦੱਸਿਆ ਕਿ ਮਲਿਕਪੁਰ ਤੋਂ ਲੈ ਕੇ ਫਰੀਦਾਨਗਰ ਤੱਕ ਪੈਂਦੇ ਛੋਟੇ ਪੁਲ ਜੋ ਕਿ ਅੰਗਰੇਜਾਂ ਦੇ ਸਮੇਂ ਵਿੱਚ ਬਣੇ ਹੋਏ ਹਨ ਅਤੇ ਜਿਨ੍ਹਾਂ ਦੀ ਮੁਨਿਆਦ ਵੀ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ ਜਿਸ ਨਾਲ ਸਮੂਹ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਓਵਰਬ੍ਰਿਜ ਬਣਿਆ ਹੈ ਤਦ ਤੋਂ ਹੇਠਲੇ ਇਲਾਕਿਆਂ ਦੀ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਆਫ਼ ਅਥਾਰਿਟੀ ਵੱਲੋਂ ਕੋਈ ਸੁੱਧ ਨਾ ਲੈਣਾ ਮਾੜੀ ਗੱਲ ਹੈ ਅਤੇ ਟੁੱਟੀ ਹੋਈ ਰੇਲਿੰਗ ਨੂੰ ਲੈ ਕੇ ਕੁੰਭਕਰਨੀ ਨੀਂਦ ਨਾ ਤਿਆਗਣਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਉਪਰ ਸਵਾਲੀਆ ਨਿਸ਼ਾਨ ਲਗਾਉਂਦੀ ਹੈ।

ਇਸ ਸਬੰਧ ਵਿੱਚ ਜਦ ਹਾਈਵੇ ਦੇ ਪ੍ਰੋਜੈਕਟ ਮੈਨੇਜਰ ਏ.ਕੇ ਖਜੂਰਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਪਰ ਹੁਣ ਆ ਗਿਆ ਹੈ ਅਤੇ ਇਸ ਨੂੰ ਤੁਰੰਤ ਹੱਲ ਕਰ ਦਿੱਤਾ ਜਾਵੇਗਾ। ਉੱਥੇ ਹੀ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਉਹ ਇਸ ਬਾਬਤ ਵਿਭਾਗ ਦੇ ਨਾਲ ਗੱਲ ਕਰਨਗੇ ਅਤੇ ਸਮੱਸਿਆ ਦਾ ਪਹਿਲ ਦੇ ਅਧਾਰ ਉਪਰ ਹੱਲ ਕਰਵਾਉਣਗੇ।