ਹੱਕੀ ਮੰਗਾਂ ਨੂੰ ਲੈ ਕੇ 5178 ਅਧਿਆਪਕ ਯੂਨੀਅਨ ਨੇ ਕੱਢੀ ਸਰਕਾਰ ਵਿਰੁੱਧ ਰੋਸ ਰੈਲੀ

Last Updated: Jan 14 2018 17:37

5178 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕਲਸੀ ਨੇ ਦੱਸਿਆ ਕਿ ਦਸੰਬਰ 2014 ਵਿੱਚ ਉਕਤ ਅਧਿਆਪਕ ਸਰਕਾਰ ਦੀਆਂ ਟੀ.ਈ.ਟੀ ਸਮੇਤ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਭਰਤੀ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਆਰਡਰ 'ਚ ਸਪਸ਼ਟ ਤੌਰ 'ਤੇ ਲਿਖਿਆ ਹੋਇਆ ਹੈ ਕਿ ਤਿੰਨ ਸਾਲ ਪੂਰੇ ਹੋਣ ਉਪਰੰਤ ਪੱਕੇ ਸਕੇਲ 'ਤੇ ਰੈਗੂਲਰ ਕਰ ਦਿੱਤਾ ਜਾਵੇਗਾ।

ਇਸੇ ਤਹਿਤ ਵਿਭਾਗ ਵੱਲੋਂ 20 ਨਵੰਬਰ 2017 ਨੂੰ 5178 ਅਧਿਆਪਕਾਂ ਦੀਆਂ ਫਾਈਲਾਂ ਵੀ ਮੰਗਵਾ ਲਈਆਂ ਗਈਆਂ ਸਨ। ਪਰ ਦੋ ਮਹੀਨੇ ਹੋਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਟਾਲ ਮਟੋਲ ਅਤੇ ਨਜ਼ਰ ਅੰਦਾਜ਼ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਯੂਨੀਅਨ ਦੇ ਸੈਕਟਰੀ ਅਮਰੀਕ ਸਿੰਘ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਰੇ ਵੋਟਿੰਗ ਵਾਲੇ, ਡੀ.ਪੀ.ਏ ਅਤੇ ਬਾਕੀ ਸਾਥੀਆਂ ਨੂੰ ਪੂਰੇ ਸਕੇਲ 'ਤੇ ਰੈਗੂਲਰ ਨਾ ਕੀਤਾ ਤਾਂ ਸਮੁੱਚੀ ਪੰਜਾਬ ਯੂਨੀਅਨ 4 ਫਰਵਰੀ ਨੂੰ ਜਲੰਧਰ ਵਿਖੇ 'ਕਰੋ ਜਾਂ ਮਰੋਂ' ਤਹਿਤ ਰੈਲੀ ਕੀਤੀ ਜਾਵੇਗੀ।

ਇਸ ਮੌਕੇ ਸਮੁੱਚੀ ਯੂਨੀਅਨ ਵੱਲੋਂ ਸਟੇਡੀਅਮ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਚੌਂਕ ਤੱਕ ਵਿਸ਼ਾਲ ਮਾਰਚ ਕੱਢ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਗਸੀਰ ਸਿੰਘ ਐਸ.ਐਸ.ਏ ਯੂਨੀਅਨ, ਡੀ.ਟੀ.ਐੱਫ ਯੂਨੀਅਨ, ਸਤਨਾਮ ਸਿੰਘ, ਨਿਰਵੈਰ ਸਿੰਘ, ਪਵਨ ਕੁਮਾਰ, ਮਨਜਿੰਦਰ ਸਿੰਘ, ਨਿਰਵੈਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।