ਪੁਲਿਸ ਦੀ ਸਖ਼ਤੀ ਦੇ ਬਾਅਦ ਟ੍ਰੈਵਲ ਏਜੰਟ ਹੋਣ ਲੱਗੇ ਇੱਕਜੁੱਟ

Manjinder Bittu
Last Updated: Jan 14 2018 17:25

ਪਿਛਲੇ ਲੰਮੇਂ ਸਮੇਂ ਤੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰ ਰਹੇ ਟ੍ਰੈਵਲ ਏਜੰਟਾਂ ਦੇ ਖਿਲਾਫ਼ ਪੁਲਿਸ ਵੱਲੋਂ ਸ਼ਿਕੰਜਾ ਕੱਸੇ ਜਾਣ ਮਗਰੋਂ ਆਪਣੀ ਜਾਨ ਬਚਾਉਣ ਲਈ ਟ੍ਰੈਵਲ ਏਜੰਟ ਵੀ ਇੱਕਜੁੱਟ ਹੋਣ ਲੱਗ ਪਏ ਹਨ। ਪਟਿਆਲਾ ਨਾਲ ਸਬੰਧਤ ਦਰਜਨਾਂ ਹੀ ਟ੍ਰੈਵਲ ਏਜੰਟਾਂ ਨੇ ਆਪਣੀ ਐਸੋਸੀਏਸ਼ਨ ਖ਼ੜੀ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਤਾਂ ਬਿਲਕੁੱਲ ਪਾਕ ਪਵਿੱਤਰ ਅਤੇ ਦੁੱਧ ਦੇ ਧੋਤੇ ਹਨ, ਜਿਹੜੇ ਏਜੰਟ ਠੱਗੀਆਂ ਮਾਰਨ ਵਾਲੇ ਹਨ ਉਹ ਕੋਈ ਹੋਰ ਹੀ ਹਨ। 

ਮਹਾਰਾਣੀ ਕਲੱਬ ਪਟਿਆਲਾ ਵਿਖੇ ਹੋਈ ਇਕੱਤਰਤਾ ਵਿੱਚ ਟ੍ਰੈਵਲ ਏਜੰਟਾਂ ਨੇ ਫੈਸਲਾ ਕੀਤਾ ਕਿ ਜ਼ਿਲ੍ਹਾ ਪੱਧਰ 'ਤੇ ਉਨ੍ਹਾਂ ਏਜੰਟਾਂ ਨੂੰ ਲੈਕੇ ਇੱਕ ਮਜ਼ਬੂਤ ਸੰਗਠਨ ਬਣਾਇਆ ਜਾਵੇ, ਜਿਹੜੇ ਟ੍ਰੈਵਲਜ਼ ਏਜੰਟ ਸਾਫ-ਸੁਥਰਾ ਬਿਜਨਸ ਕਰਦੇ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਇਸ ਕਰਕੇ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਨਾਂ ਜ਼ਿਲ੍ਹਾ ਪਟਿਆਲਾ ਟ੍ਰੈਵਲ ਏਜੰਟਸ ਐਸੋਸੀਏਸ਼ਨ ਰੱਖਿਆ ਗਿਆ। ਐਸੋਸੀਏਸ਼ਨ ਨੇ ਇਸਦੀ ਰਜਿਸਟ੍ਰੇਸ਼ਨ ਵਾਸਤੇ ਕਾਰਵਾਈ ਕਰਨ ਲਈ ਐਸੋਸੀਏਸ਼ਨ ਦੇ ਅਹੁਦੇਦਾਰ ਥਾਪੇ ਜਿਹਨਾਂ ਵਿੱਚ ਇੰਜੀ: ਅਜੈ ਥਾਪਰ ਨੂੰ ਪ੍ਰਧਾਨ, ਪ੍ਰਦੀਪ ਬਾਂਸਲ ਮੀਤ ਪ੍ਰਧਾਨ, ਚੇਤਨ ਗੋਇਲ ਜਨਰਲ ਸਕੱਤਰ, ਕਿਰਪਾਲ ਟਿਵਾਣਾ ਖਜਾਨਚੀ, ਗੌਰਵ ਸ਼ਰਮਾ ਸੰਯੁਕਤ ਸਕੱਤਰ ਅਤੇ ਇਸਤੋਂ ਇਲਾਵਾ ਐਗਜੀਕਿਉਟਿਵ ਮੈਂਬਰ ਤੇ ਹੋਰ ਅਹੁਦੇਦਾਰ ਨਿਯੁਕਤ ਕਰਨ ਦਾ ਅਧਿਕਾਰ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤਾ ਗਿਆ। 

ਇਸ ਮੌਕੇ 'ਤੇ ਅਜੇ ਥਾਪਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਟਿਆਲਾ ਵਿਚ ਨਜਾਇਜ਼ ਕੰਮ ਕਰਨ ਵਾਲੇ ਏਜੰਟਾਂ ਦੀ ਲਿਸਟ ਤਿਆਰ ਕਰਨਗੇ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪਣਗੇ। ਥਾਪਰ ਨੇ ਕਿਹਾ ਕਿ ਉਨ੍ਹਾਂ ਦਾ 11 ਮੈਂਬਰੀ ਵਫਦ ਐਸ.ਐਸ.ਪੀ. ਪਟਿਆਲਾ, ਡਿਪਟੀ ਕਮਿਸ਼ਨਰ ਪਟਿਆਲਾ ਅਤੇ ਆਈ.ਜੀ. ਪਟਿਆਲਾ ਨੂੰ ਮਿਲੇਗਾ ਅਤੇ ਟ੍ਰੈਵਲ ਏਜੰਟਸ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਏਗਾ।