ਪੀਡੀਐਫ਼ਏ ਨੇ ਡੇਅਰੀ ਕਾਰੋਬਾਰ ਨੂੰ ਬਚਾਉਣ ਲਈ ਭੇਜੇ ਮੁੱਖ ਮੰਤਰੀ ਦੇ ਨਾਂਅ ਪੱਤਰ..!!!

Last Updated: Jan 14 2018 17:27

ਬਜ਼ਾਰ ਵਿੱਚ ਦੁੱਧ ਦਾ ਪੂਰਾ ਭਾਅ ਨਾ ਮਿਲਣ ਕਰਕੇ ਦੁੱਧ ਉਤਪਾਦਕ ਤੇ ਡੇਅਰੀ ਫਾਰਮਰ ਵੀ ਕਿਸਾਨਾਂ ਵਾਂਗ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਇਸਦਾ ਮੁੱਖ ਕਾਰਨ ਬਜ਼ਾਰ ਵਿੱਚ ਨਕਲੀ ਦੁੱਧ ਦੀ ਭਰਮਾਰ ਤੇ ਵੱਡੀਆਂ-ਵੱਡੀਆਂ ਦੁੱਧ ਡੇਅਰੀਆਂ ਵੱਲੋਂ ਦੁੱਧ ਦੇ ਰੇਟ ਘਟਾਉਣਾ ਦੱਸਿਆ ਜਾ ਰਿਹਾ ਹੈ, ਜਿਸ ਦੀ ਮਾਰ ਸਾਰਾ ਦਿਨ ਪਸ਼ੂ ਪਾਲਣ ਨੂੰ ਸਮਰਪਿਤ ਪਸ਼ੂ ਪਾਲਕ ਨੂੰ ਆਰਥਿਕ ਤੌਰ 'ਤੇ ਝੱਲਣੀ ਪੈ ਰਹੀ ਹੈ। ਜਿਸ ਕਰਕੇ ਪੀਡੀਐਫ਼ਏ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇੱਕ ਪੱਤਰ ਲਿੱਖਿਆ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇਸ਼ ਵਿੱਚ ਦੁੱਧ ਦੀ ਪੈਦਾਵਾਰ ਹੁੰਦੀ ਹੈ, ਜਿਸ 'ਚ ਪੰਜਾਬ ਮੂਹਰੀ ਹੈ। ਖੇਤੀਬਾੜੀ ਤੇ ਪਸ਼ੂ ਪਾਲਣ ਲਈ ਪੰਜਾਬ ਦਾ ਵਾਤਾਵਰਨ ਬਹੁਤ ਹੀ ਢੁਕਵਾਂ ਹੈ। ਮਿਹਨਤੀ ਕਿਸਾਨਾਂ ਨੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਚੁਣਿਆ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਤਾਂ ਇਸ ਨੂੰ ਮੁੱਖ ਕਿੱਤਾ ਬਣਾਉਂਦੇ ਹੋਏ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬੈਂਕਾਂ ਤੋਂ ਕਰਜ਼ ਲੈ ਕੇ ਲੱਖਾਂ ਰੁਪਏ ਖ਼ਰਚ ਕੇ ਦੇਸ਼ੀ-ਵਿਦੇਸ਼ੀ ਜਾਨਵਰ ਖ਼ਰੀਦ ਵੱਡੇ-ਵੱਡੇ ਡੇਅਰੀ ਫਾਰਮਰ ਬਣਾ ਕੇ ਜਿੱਥੇ ਵੱਡੀ ਮਾਤਰਾ ਵਿੱਚ ਦੁੱਧ ਦਾ ਉਤਪਾਦਨ ਕੀਤਾ, ਉੱਥੇ ਹੀ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਪਰ ਸਰਕਾਰ ਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਸਹੀ ਤੇ ਯੋਗ ਨੀਤੀ ਨਾ ਹੋਣ ਕਰਕੇ ਇਹ ਧੰਦਾ ਲਾਭਕਾਰੀ ਸਿੱਧ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਬਜ਼ਾਰ ਵਿੱਚ ਜਿੱਥੇ ਨਕਲੀ ਦੁੱਧ ਦੀ ਭਰਮਾਰ ਹੈ, ਉੱਥੇ ਹੀ ਦੁੱਧ ਖ਼ਰੀਦਣ ਵਾਲੀਆਂ ਮਿਲਕਫੈੱਡ, ਵੇਰਕਾ ਆਦਿ ਨਿਜੀ ਵੱਡੀ ਡੇਅਰੀਆਂ ਵਾਲੇ ਆਪਸ ਵਿੱਚ ਗੰਢ-ਤੁਪ ਕਰਕੇ ਮਰਜ਼ੀ ਨਾਲ ਦੁੱਧ ਦਾ ਰੇਟ ਘਟਾ ਦਿੰਦੇ ਹਨ, ਜਿਸ ਕਰਕੇ ਲੱਖਾਂ ਰੁਪਏ ਦੀ ਲਾਗਤ ਕਰ ਡੇਅਰੀ ਫਾਰਮਿੰਗ ਸ਼ੁਰੂ ਕਰਨ ਵਾਲੇ ਪਸ਼ੂ ਪਾਲਕ ਦੇ ਪੱਲੇ ਕੁੱਝ ਨਹੀਂ ਪੈ ਰਿਹਾ। ਜਿਸ ਦੀ ਪ੍ਰਮੁੱਖਤਾ ਉਦਾਹਰਨ ਪੰਜਾਬ 'ਚੋਂ ਸਭ ਤੋਂ ਵੱਧ ਦੁੱਧ ਇਕੱਠਾ ਕਰਨ ਵਾਲੀ ਏਜੰਸੀ ਮਿਲਕਫੈੱਡ ਨੇ ਪਿਛਲੇ 2 ਮਹੀਨਿਆਂ ਵਿੱਚ 3 ਤੋਂ 4 ਰੁਪਏ ਤੱਕ ਪ੍ਰਤੀ ਕਿੱਲੋ ਦੁੱਧ ਦੇ ਰੇਟ ਘਟਾ ਦਿੱਤੇ ਹਨ, ਜਿਸ ਨਾਲ ਦੁੱਧ ਉਤਪਾਦਕਾਂ ਨੂੰ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਕਲੀ ਦੁੱਧ ਦੀ ਵਿਕਰੀ ਨੂੰ ਰੋਕਣ ਵਿੱਚ ਅਸਫਲ ਰਿਹਾ ਸਿਹਤ ਵਿਭਾਗ ਤੇ ਦੁੱਧ ਏਜੰਸੀਆਂ ਵੱਲੋਂ ਮਰਜ਼ੀ ਨਾਲ ਦੁੱਧ ਦੇ ਰੇਟਾਂ ਵਿੱਚ ਕਮੀ ਕਰ ਦੇਣਾ ਦੁੱਧ ਉਤਪਾਦਕਾਂ ਲਈ ਚਿੰਤਾ ਦਾ ਵਿਸ਼ਾ ਹੈ।