ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਪਾਣੀ ਨਿਕਾਸੀ ਦੀ ਮੰਗ

Avtar Gill
Last Updated: Jan 14 2018 17:27

ਇੱਕ ਪਾਸੇ ਜਿੱਥੇ ਸਵੱਛ ਭਾਰਤ ਅਭਿਆਨ ਦੇ ਤਹਿਤ ਸ਼ਹਿਰਾਂ ਨੂੰ ਸਾਫ਼ ਬਣਾਇਆ ਜਾ ਰਿਹਾ ਹੈ ਉੱਥੇ ਹੀ ਪਿੰਡਾਂ ਦੀ ਸਫ਼ਾਈ ਦੀ ਵੱਲ ਪ੍ਰਸ਼ਾਸਨ ਵੱਲੋਂ ਬਿਲਕੁੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜ਼ਿਲ੍ਹੇ ਦੇ ਪਿੰਡ ਕੰਧਵਾਲਾ ਅਮਰਕੋਟ ਵਿੱਚ ਪਿਛਲੇ ਕਈ ਦਿਨਾਂ ਤੋਂ ਛੱਪੜ ਦੇ ਓਵਰਫ਼ਲੋ ਹੋਣ ਕਰਕੇ ਦੂਸ਼ਿਤ ਅਤੇ ਬਦਬੂਦਾਰ ਪਾਣੀ ਕਰਕੇ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਛੱਪੜ ਦੀ ਸਫ਼ਾਈ ਕਰਵਾਉਣ ਅਤੇ ਪਾਣੀ ਨਿਕਾਸੀ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।

ਪਿੰਡ ਕੰਧਵਾਲਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ 10 ਸਾਲਾਂ ਤੋਂ ਛੱਪੜ ਦੇ ਓਵਰਫ਼ਲੋ ਹੋਣ ਦੀ ਸਮੱਸਿਆ ਚੱਲ ਰਹੀ ਹੈ ਕਿਉਂਕਿ ਪਿੰਡ ਵਿੱਚ ਪਹਿਲਾਂ ਚਾਰ ਛੱਪੜ ਸਨ ਜਿਨ੍ਹਾਂ ਵਿਚੋਂ ਹੁਣ ਸਿਰਫ਼ ਇੱਕ ਹੀ ਛੱਪੜ ਬਾਕੀ ਰਹਿ ਗਿਆ ਹੈ। ਜਿਸ ਵਿੱਚ ਪੂਰੇ ਪਿੰਡ ਦੇ ਘਰਾਂ ਦਾ ਦੂਸ਼ਿਤ ਪਾਣੀ ਜਮਾਂ ਹੁੰਦਾ ਹੈ। ਬਾਕੀ ਛੱਪੜਾਂ ਤੇ ਕਥਿਤ ਤੌਰ 'ਤੇ ਲੋਕਾਂ ਵੱਲੋਂ ਕਬਜ਼ਾ ਕਰਕੇ ਉਸਾਰੀ ਕਰ ਲਈ ਗਈ ਹੈ। ਜਿਸ ਦੇ ਚਲਦੇ ਆਏ ਦਿਨ ਇਹ ਛੱਪੜ ਓਵਰਫ਼ਲੋ ਹੋ ਜਾਂਦਾ ਹੈ। 

ਗੰਦਗੀ ਅਤੇ ਬਦਬੂ ਮਾਰਦੇ ਪਾਣੀ ਕਰਕੇ ਛੱਪੜ ਦੇ ਆਲੇ-ਦੁਆਲੇ ਦੇ ਘਰਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆਂ ਹੋਇਆਂ ਹੈ। ਛੱਪੜ ਦੇ ਓਵਰਫ਼ਲੋ ਹੋਣ ਕਰਕੇ ਘਰਾਂ ਵਿੱਚ ਛੱਪੜ ਦਾ ਦੂਸ਼ਿਤ ਪਾਣੀ ਵੀ ਵੜ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਝੇਲਣੀ ਪੈਂਦੀ ਹੈ। ਲੋਕਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਛੱਪੜ ਦੀ ਸਫ਼ਾਈ ਕਰਵਾਈ ਜਾਵੇ ਅਤੇ ਪਾਣੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।