ਰੱਖੜਾ ਸਕੂਲ ਜਾਤੀਸੂਚਕ ਮਾਮਲਾ: ਸਾਰੇ ਸਕੂਲ ਦੀ ਟੀਮ ਕੀਤੀ ਚੇਂਜ

Boney Bindra
Last Updated: Jan 14 2018 17:18

ਪਟਿਆਲਾ ਦੇ ਨਾਲ ਲੱਗਦੇ ਰੱਖੜਾ ਪਿੰਡ ਵਿੱਚ ਸਰਕਾਰੀ ਸਕੂਲ ਵਿੱਚ ਇੱਕ ਬਚੇ ਨੂੰ ਜਾਤੀਸੂਚਕ ਸ਼ਬਦ ਬੋਲਣ 'ਤੇ ਮਚਿਆ ਬਵਾਲ ਹਾਲ ਦੀ ਘੜੀ ਥਮਿਆ ਲੱਗ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਬਣਾਈ ਇੱਕ 4 ਮੈਂਬਰਾਂ ਦੀ ਕਮੇਟੀ ਨੇ ਆਪਣਾ ਫੈਸਲਾ ਸਾਹਮਣੇ ਰੱਖਦੇ ਹੋਏ ਅੱਜ ਸਕੂਲ ਦੀ 16 ਮੈਂਬਰਾਂ ਦੀ ਟੀਮ ਨੂੰ ਬਦਲ ਦਿੱਤਾ ਹੈ, ਜਿਸ ਵਿੱਚ ਪ੍ਰਿੰਸੀਪਲ ਤੋਂ ਲੈਕੇ ਕਲਰਕ ਅਤੇ ਚੌਂਕੀਦਾਰ ਤੱਕ ਨੂੰ ਤਬਾਦਲੇ ਦਾ ਕਾਗਜ਼ਾਤ ਥਮਾ ਦਿੱਤਾ ਹੈ। ਕੁੱਝ ਦਿਨ ਪਹਿਲਾਂ ਰੱਖੜਾ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਮਾਸਟਰ ਨੇ ਕਥਿਤ ਤੌਰ 'ਤੇ ਇੱਕ ਵਿਦਿਆਰਥਣ ਨਾਲ ਉਸਦੇ ਦਲਿਤ ਹੋਣ ਕਾਰਨ ਹੋਰ ਜਮਾਤ ਨਾਲੋਂ ਵੱਖਰਾ ਵਤੀਰਾ ਕੀਤਾ ਸੀ, ਜਿਸ ਕਾਰਨ ਕਾਫੀ ਬਖੇੜਾ ਖੜਾ ਹੋ ਗਿਆ ਸੀ ਅਤੇ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਖੁਦ ਇਸਦਾ ਨਿਪਟਾਰਾ ਕਰਨ ਲਈ ਮਸਲੇ ਵਿੱਚ ਉਤਰਨਾ ਪਿਆ ਸੀ। 

ਅੱਜ ਧਰਮਸੋਤ ਵੱਲੋਂ ਬਣਾਈ ਗਈ ਕਮੇਟੀ ਦਾ ਫੈਸਲਾ ਆ ਗਿਆ ਹੈ ਅਤੇ ਕਮੇਟੀ ਦੇ ਮੁਖੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਿਫਾਰਿਸ਼ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਸਿੱਖਿਆ ਡਿਪਾਰਟਮੈਂਟ ਪਰਮਜੀਤ ਸਿੰਘ ਨੇ ਸਕੂਲ ਦੇ ਸਾਰੇ ਸਟਾਫ ਦਾ ਹੀ ਤਬਾਦਲਾ ਕਰ ਦਿੱਤਾ ਹੈ। ਬੱਚੀ ਦੇ ਪਰਿਵਾਰ ਦੀ ਸੁਣੀਏ ਤਾਂ ਉਹ ਇਸਤੋਂ ਵੀ ਖੁਸ਼ ਨਹੀਂ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਅਤੇ ਸਿਰਫ ਵਿਵਾਦਿਤ ਅਧਿਆਪਕ ਦਾ ਹੀ ਤਬਾਦਲਾ ਹੋਣਾ ਚਾਹੀਦਾ ਸੀ ਨਾ ਕਿ ਪੂਰੇ ਸਟਾਫ ਦਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਦਿਆਰਥਣ ਨੇ ਸਾਰੇ ਮਾਮਲੇ ਤੋਂ ਦੁਖੀ ਹੋਕੇ ਖੁਦਖੁਸ਼ੀ ਕਰਨ ਦੀ ਕੋਸ਼ਿਸ ਤੱਕ ਕੀਤੀ ਸੀ।