'ਆਪ' ਆਗੂਆਂ ਨਾਲ ਕੀਤੀ ਜਾ ਰਹੀ ਧੱਕਾਸ਼ਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਚੀਮਾ

Mahesh Kumar
Last Updated: Jan 14 2018 17:17

ਆਮ ਆਦਮੀ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਨਗੀਨਾ ਰਿਜ਼ੋਰਟ ਵਿਖੇ ਹੋਈ। ਮੀਟਿੰਗ ਦੌਰਾਨ ਸ਼ਾਮਲ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਨਾਲ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਧੱਕੇ ਤੇ ਝੂਠੇ ਪਰਚਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਤੇ ਪਾਰਟੀ ਹਰ ਇੱਕ ਵਰਕਰ ਦੇ ਨਾਲ ਖੜੀ ਹੈ। ਕਿਸੇ ਵੀ ਵਰਕਰ ਨਾਲ ਹੋ ਰਹੇ ਧੱਕੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ, ਜੇਕਰ 'ਆਪ' ਵਰਕਰਾਂ 'ਤੇ ਹੋ ਰਹੇ ਧੱਕੇਸ਼ਾਹੀ ਨੂੰ ਬੰਦ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਖਿਲਾਫ਼ ਪਾਰਟੀ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰੇਗੀ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹੇ ਵਿੱਚ ਅਧਾਰ ਬੇਹੱਦ ਮਜ਼ਬੂਤ ਹੈ ਆਤੇ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੋਂ ਨਿਰਾਸ਼ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਕਿਉਂਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਹੋਇਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਜੋ ਰੌਲਾ ਰੱਪਾ ਪਾਇਆ ਜਾ ਰਿਹਾ ਹੈ। ਉਸ ਨਾਲ ਕਿਸੇ ਵੀ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਜੇ ਸਰਕਾਰਾਂ ਕਿਸਾਨਾਂ ਨੂੰ ਸਹੂਲਤਾਂ ਦਿੰਦੀਆਂ ਤਾਂ ਕਿਸਾਨਾਂ ਦੇ ਸਿਰ ਕਰਜ਼ਾ ਚੜ੍ਹਦਾ ਹੀ ਕਿਉਂ। ਕਿਸਾਨਾਂ ਦੀ ਆਲੂਆਂ ਦੀ ਫਸਲ ਪਿਛਲੇ ਸੀਜ਼ਨ ਦੌਰਾਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਬੁਰੀ ਤਰ੍ਹਾਂ ਨਾਲ ਰੁਲੀ ਤੇ ਹੁਣ ਕਾਂਗਰਸ ਦੇ ਰਾਜ ਵਿੱਚ ਵੀ ਕਿਸਾਨਾਂ ਨੂੰ ਆਲੂ ਸੜਕਾਂ 'ਤੇ ਸੁੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਰ ਸਰਕਾਰ ਕਿਸਾਨ ਹਤੈਸ਼ੀ ਸਰਕਾਰ ਹੋਣ ਦੀ ਡੌਡੀ ਪਿੱਟ ਰਹੀ ਹੈ। ਚੀਮਾ ਨੇ ਕਿਹਾ ਕਿ ਜੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਹਰ ਘਰ ਵਿੱਚ ਨੌਕਰੀ ਦੇਣ ਦਾ ਕੀਤਾ ਇੱਕ ਵਾਅਦਾ ਹੀ ਪੂਰਾ ਕਰ ਦੇਣ ਤਾਂ ਉਹ ਚੋਣਾਂ ਵਿੱਚ ਉਨ੍ਹਾਂ ਦਾ ਸਾਥ ਦੇਣ ਨੂੰ ਤਿਆਰ ਹੈ। ਚੀਮਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਦੇ ਜ਼ਿਲ੍ਹੇ ਅੰਦਰ ਜੱਥੇਬੰਧਕ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ ਆਤੇ ਹਰ ਵਰਕਰ ਨੂੰ ਜਿੰਮੇਵਾਰੀ ਦਿੱਤੀ ਜਾਵੇਗੀ। ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਿਰਕਤ ਕਰੇਗੀ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਚੋਣਾਂ ਲਈ ਹੁਣ ਤੋਂ ਹੀ ਖੁੱਦ ਨੂੰ ਤਿਆਰ ਕਰ ਲੈਣ। ਮੀਟਿੰਗ ਦੌਰਾਨ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਈ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸੁਆਗਤ ਕੀਤਾ ਗਿਆ।